Latest News
ਨਸ਼ਾਬੰਦੀ; ਚਿੱਟੇ ਦੀ ਤਿੰਨ ਸੌ ਵਾਲੀ ਪੁੜੀ ਪੰਜ ਹਜ਼ਾਰ ਦੀ ਹੋਈ ਨਸ਼ੇੜੀਆਂ ਰਵਾਇਤੀ ਨਸ਼ਿਆਂ ਵੱਲ ਮੋੜੀਆਂ ਮੁਹਾਰਾਂ

Published on 26 Mar, 2017 11:25 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਨਸ਼ਿਆ ਨੂੰ ਸਰਕਾਰ ਬਣਨ ਉਪਰੰਤ ਚਾਰ ਹਫਤਿਆ ਵਿੱਚ ਖਤਮ ਕਰਨ ਦੇ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਚਲਾਈ ਗਈ ਮੁਹਿੰਮ ਦੇ ਚੰਗੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਸਰਹੱਦੀ ਖੇਤਰ ਵਿੱਚੋਂ ਚਿੱਟੇ ਦੀ ਸਪਲਾਈ ਬੰਦ ਹੋਣ ਨਾਲ ਨਸ਼ੇ ਦੀ 300 ਰੁਪਏ ਵਾਲੀ ਪੂੜੀ ਹੁਣ ਪੰਜ ਹਜ਼ਾਰ ਵਿੱਚ ਮਿਲਣੀ ਸ਼ੁਰੂ ਹੋ ਗਈ, ਜਿਸ ਕਾਰਨ ਨਸ਼ੱਈਆਂ ਨੂੰ ਆਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਮੁੜ ਰਵਾਇਤੀ ਨਸ਼ਿਆਂ ਵੱਲ ਆਉਣਾ ਪੈ ਰਿਹਾ ਹੈ ਤੇ ਉਹ ਮੈਡੀਕਲ ਸਟੋਰਾਂ ਤੋਂ ਨਸ਼ੇ ਵਾਲੀਆਂ ਦਵਾਈਆਂ ਲੈਣ, ਸ਼ਰਾਬ ਤੇ ਭੰਗ ਪੀਣ ਲੱਗ ਪਏ ਹਨ।
ਸਰਹੱਦੀ ਖੇਤਰ ਦੇ ਕੁਝ ਲੋਕਾਂ ਨਾਲ ਰਾਬਤਾ ਕਾਇਮ ਕਰਨ 'ਤੇ ਪਤਾ ਲੱਗਾ ਹੈ ਕਿ ਨਸ਼ਿਆਂ ਦੇ ਵੱਡੇ ਸਮੱਗਲਰ ਪੁਲਸ ਵੱਲੋਂ ਕੀਤੀ ਗਈ ਢਿੰਬਰੀ ਟੈਟ ਕਰਨ ਤੋਂ ਬਾਅਦ ਪੰਜਾਬ ਤੋਂ ਬਾਹਰ ਹਿਜਰਤ ਕਰ ਗਏ ਹਨ ਤੇ ਕੁਝ ਲੋਕ ਨਸ਼ੇ ਦਾ ਧੰਦਾ ਛੱਡ ਕੇ ਘਰਾਂ ਵਿੱਚ ਬੈਠ ਗਏ ਅਤੇ ਉਹ ਨਸ਼ਿਆਂ ਦੇ ਵਪਾਰੀ ਹੁਣ ਨਸ਼ਿਆ ਦੇ ਵਿਰੁੱਧ ਪ੍ਰਚਾਰ ਕਰਨ ਲੱਗ ਪਏ ਹਨ। ਸਰਹੱਦੀ ਖੇਤਰ ਦੇ 70 ਫੀਸਦੀ ਨੌਜਵਾਨ ਨਸ਼ਿਆਂ ਦੀ ਲਤ ਵਿੱਚ ਫਸ ਚੁੱਕੇ ਹਨ ਤੇ ਬਾਦਲ ਰਾਜ ਸਮੇਂ ਨਸ਼ੇ ਹਰ ਤੀਸਰੇ ਘਰ ਪੁੱਜ ਗਏ ਸਨ ਅਤੇ ਬਾਦਲ ਸਰਕਾਰ ਦੇ ਇੱਕ ਮੰਤਰੀ 'ਤੇ ਨਸ਼ਾ ਤਸਕਰਾਂ ਦਾ ਸਰਗਣਾ ਹੋਣ ਦੇ ਦੋਸ਼ ਵੀ ਲੱਗਦੇ ਰਹੇ ।
ਸਰਹੱਦੀ ਖੇਤਰ ਦੇ ਨੌਜਵਾਨ ਬੁਰੀ ਤਰ੍ਹਾਂ ਨਸ਼ਿਆਂ ਤੋਂ ਪ੍ਰਭਾਵਤ ਹੋਣ ਕਾਰਨ ਕਈਆਂ ਦੀ ਤਾਂ ਨਸ਼ੇ ਵਾਲੇ ਟੀਕੇ ਲਗਾਉਣ ਸਮੇਂ ਮੌਤਾਂ ਵੀ ਹੋ ਗਈਆਂ ਸਨ। ਭਿੱਟੇਵੱਢ ਦੇ ਇੱਕ ਵਸਨੀਕ ਨੇ ਦੱਸਿਆ ਕਿ ਇਸ ਪਿੰਡ ਦੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਢ ਵੀ ਨਸ਼ਿਆਂ ਦੇ ਦਰਿਆ ਵਿੱਚ ਡੁੱਬਦੀ ਜਾ ਰਹੀ ਪੀੜ੍ਹੀ ਨੂੰ ਬਚਾਉਣ ਲਈ ਕਾਫੀ ਯਤਨਸ਼ੀਲ ਹਨ, ਪਰ ਨਸ਼ੇ ਦੇ ਤਸਕਰ ਉਹਨਾਂ ਦੀ ਮੁਹਿੰਮ 'ਤੇ ਭਾਰੂ ਪੈ ਜਾਂਦੇ ਰਹੇ ਹਨ। ਪਿੰਡ ਦੇ ਇਸ ਪਤਵੰਤੇ ਨੇ ਦੱਸਿਆ ਕਿ ਇਸ ਵੇਲੇ ਪਿੰਡ ਦੇ ਤਿੰਨ ਦਰਜਨ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਪੂਰੀ ਫਸ ਚੁੱਕੇ ਹਨ ਤੇ ਕਈ ਤਾਂ ਆਪਣੀਆਂ ਜ਼ਮੀਨਾਂ ਦੇ ਟੁਕੜੇ ਵੀ ਨਸ਼ਿਆਂ ਦੀ ਲਤ ਪੂਰੀ ਕਰਨ ਲਈ ਵੇਚ ਚੁੱਕੇ ਹਨ। ਉਹਨਾ ਕਿਹਾ ਕਿ ਸਰਕਾਰ ਵੱਲੋਂ ਨਸ਼ਾਬੰਦੀ ਕਰਨ ਦਾ ਉਪਰਾਲਾ ਤਾਂ ਠੀਕ ਹੈ, ਪਰ ਇਹ ਕਾਮਯਾਬ ਕਿੰਨਾ ਕੁ ਹੁੰਦਾ ਹੈ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁਪਿਆ ਹੈ। ਪਿੰਡ ਬਾਸਰਕੇ ਭੈਣੀ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਕੈਪਟਨ ਸਰਕਾਰ ਤੋਂ ਬਾਅਦ ਪੁਲਸ ਵੀ ਉਹੀ ਹੈ ਤੇ ਅਫਸਰਸ਼ਾਹੀ ਵੀ ਉਹੀ ਹੈ, ਪਰ ਜਿਹੜੀ ਪੁਲਸ ਨਸ਼ਿਆਂ ਦੇ ਸਮੱਗਲਰਾਂ ਦੀ ਪੁਸ਼ਤਪਨਾਹੀ ਕਰਕੇ ਨਸ਼ੇ ਵਿਕਵਾਉਣ ਵਿੱਚ ਮਦਦਗਾਰ ਹੁੰਦੀ ਸੀ, ਉਸੇ ਪੁਲਸ ਨੇ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਸ਼ਿਕੰਜਾ ਕੱਸ ਦਿੱਤਾ ਹੈ। ਚਿੱਟੇ ਦੀ ਸਪਲਾਈ ਬੰਦ ਹੋਣ ਕਾਰਨ ਨਸ਼ੇ ਦੀ ਪੁੜੀ ਜਿਹੜੀ ਇਸ ਤੋਂ ਪਹਿਲਾਂ 300 ਰੁਪਏ ਵਿੱਚ ਮਿਲ ਜਾਂਦੀ ਸੀ, ਉਹ ਹੁਣ ਪੰਜ ਹਜ਼ਾਰ ਵਿੱਚ ਮਿਲਦੀ ਹੈ, ਜਿਸ ਕਾਰਨ ਨਸ਼ੱਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦੂਸਰੇ ਪਾਸੇ ਜ਼ਿਲ੍ਹੇ ਭਰ ਵਿੱਚ ਸਿਵਲ ਤੇ ਪੁਲਸ ਅਧਿਕਾਰੀਆਂ ਦੀ ਨਸ਼ਾਬੰਦੀ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤੇ ਮੁੱਖ ਮੰਤਰੀ ਵੱਲੋਂ ਸਖਤ ਰੁਖ ਅਪਣਾਇਆ ਗਿਆ ਹੈ ਕਿ ਜਿਸ ਵੀ ਖੇਤਰ ਵਿੱਚ ਨਸ਼ਾ ਫੜਿਆ ਗਿਆ, ਉਸ ਇਲਾਕੇ ਦੇ ਐੱਸ ਐੱਸ ਓ ਤੇ ਐੱਸ ਐੱਸ ਪੀ ਖਿਲਾਫ ਨਸ਼ਿਆਂ ਦੇ ਸਮੱਗਲਰਾਂ ਵਾਲਾ ਹੀ ਪਰਚਾ ਦਰਜ ਕੀਤਾ ਜਾਵੇਗਾ। ਭਾਜਪਾ ਨੇਤਾ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਨਸ਼ਾਬੰਦੀ ਲਈ ਜਿਥੇ ਕੈਪਟਨ ਸਰਕਾਰ ਦੀ ਸ਼ਲਾਘਾ ਕੀਤੀ ਹੈ, ਉਥੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਵੀ ਆਈ ਪੀ ਕਲਚਰ ਖਤਮ ਕਰਨ ਲਈ ਲਾਲ ਬੱਤੀ ਤਾਂ ਖਤਮ ਕਰਨ ਦਿੱਤੀ ਹੈ, ਹੁਣ ਨਸ਼ੇ ਦੀ ਇੱਕ ਹੋਰ ਅੰਗ ਲਾਲ ਪਰੀ ਨੂੰ ਵੀ ਬੰਦ ਕਰ ਦਿੱਤਾ ਜਾਵੇ, ਜਿਹੜੀ ਸਰਕਾਰ ਖੁਦ ਵੇਚ ਕੇ ਲੋਕਾਂ ਨੂੰ ਨਸ਼ਈ ਬਣਾ ਰਹੀ ਹੈ।

269 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper