ਤਲਵੰਡੀ ਸਾਬੋ 'ਚ ਤੀਹਰਾ ਹਾਦਸਾ; 4 ਮੌਤਾਂ, 11 ਜ਼ਖ਼ਮੀ


ਤਲਵੰਡੀ ਸਾਬੋ (ਜਗਦੀਪ ਗਿੱਲ)
ਇੱਥੋਂ ਦੀ ਬਠਿੰਡਾ ਰੋਡ ਉੱਪਰ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਲਾਗੇ ਸੜਕ ਵਿੱਚ ਪੈਂਦੇ ਕੂਹਣੀ ਮੋੜ, ਜਿੱਥੇ ਪਹਿਲਾਂ ਵੀ ਹੋਏ ਅਨੇਕਾਂ ਹਾਦਸਿਆਂ ਦੀ ਬਦੌਲਤ ਬੇਤਹਾਸ਼ਾ ਮਨੁੱਖੀ ਖ਼ੂਨ ਵਹਿ ਚੁੱਕਾ ਹੈ, ਉਥੇ ਦੁੱਧ ਵਾਲੇ ਇੱਕ ਕੈਂਟਰ ਅਤੇ ਤੂਫਾਨ (ਟਨੈਕਸ) ਗੱਡੀ ਦੀ ਆਹਮੋ-ਸਾਹਮਣੀ ਟੱਕਰ ਨਾਲ ਹੋਏ ਤੀਹਰੇ ਐਕਸੀਡੈਂਟ ਪਿੱਛੋਂ ਨਾ ਸਿਰਫ਼ ਦਰਜਨ ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ, ਸਗੋਂ ਅੱਧੀ ਦਰਜਨ ਦੇ ਘਰਾਂ ਵਿੱਚ ਖੜ੍ਹੇ ਪੈਰ ਸੱਥਰ ਵਿੱਛ ਗਏ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਦਸ ਕੁ ਵਜੇ ਦੇ ਕਰੀਬ ਰਾਮਾਂ ਮੰਡੀ ਤੋਂ ਲੱਗਭੱਗ ਡੇਢ ਦਰਜਨ ਲੋਕ ਇੱਕ ਤੂਫ਼ਾਨ ਗੱਡੀ ਨੰ. ਪੀ ਬੀ-ਜ਼ੀਰੋ 1 ਏ 3869 ਵਿੱਚ ਸਵਾਰ ਹੋ ਕੇ ਫਰੀਦਕੋਟ ਜ਼ਿਲ੍ਹੇ ਦੇ ਹਰੀ ਨੌਂ ਪਿੰਡ ਵਿਖੇ ਕਿਸੇ ਰਿਸ਼ਤੇਦਾਰ ਦੇ ਅੰਤਮ ਭੋਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇੱਥੋਂ ਦੇ ਦਸਮੇਸ਼ ਸਕੂਲ ਲਾਗੇ ਪੈਂਦੇ ਕੂਹਣੀ ਮੋੜ ਉਪਰ ਉਕਤ ਤੂਫ਼ਾਨ ਗੱਡੀ ਨੂੰ ਸਾਹਮਣਿਉਂ ਆਉਂਦੇ ਤੇਜ਼ ਰਫ਼ਤਾਰ ਕੈਂਟਰ ਨੇ ਜਦੋਂ ਟੱਕਰ ਮਾਰ ਦਿੱਤੀ ਤਾਂ ਗੱਡੀ ਵਿੱਚ ਸਵਾਰ ਸਤਾਰਾਂ ਸਵਾਰੀਆਂ ਵਿੱਚੋਂ ਚਾਰ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਅਤੇ ਦਸ ਤੋਂ ਵੱਧ ਲੋਕ, ਜਿਨ੍ਹਾਂ ਵਿੱਚ ਬਹੁਤੀਆਂ ਔਰਤਾਂ ਸਨ, ਗੰਭੀਰ ਫੱਟੜ ਹੋ ਗਏ।
ਉਧਰ ਉਕਤ ਹਾਦਸੇ ਦੇ ਚਲਦਿਆਂ ਹੀ ਪਿੱਛੋਂ ਬਠਿੰਡਾ ਵਾਲੇ ਪਾਸਿਓਂ ਆਈ ਇੱਕ ਹੋਰ ਜੀਪ, ਜਿਸ ਵਿੱਚ ਇੱਕ ਔਰਤ ਤੇ ਮਰਦ ਸਮੇਤ ਤਿੰਨ ਬੱਚੇ ਵੀ ਸਵਾਰ ਸਨ, ਜਦੋਂ ਲਾਗਿਓਂ ਲੰਘਣ ਲੱਗੀ ਤਾਂ ਬੁਖਲਾਏ ਹੋਏ ਕੈਂਟਰ ਡਰਾਈਵਰ ਨੇ ਉਸ ਗੱਡੀ ਵਿੱਚ ਵੀ ਐਸੀ ਇੱਕ ਹੋਰ ਟੱਕਰ ਮਾਰੀ ਕਿ ਉਕਤ ਗੱਡੀ ਵੀ ਸੜਕ ਤੋਂ ਪਲਟਦਿਆਂ ਕਈ ਪਲਟੇ ਖਾ ਗਈ, ਪਰ ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦਾ ਸ਼ਿਕਾਰ ਬਣੀ ਤੀਸਰੀ ਗੱਡੀ ਵਿੱਚ ਸਵਾਰਾਂ ਦੇ ਉੱਕਾ ਹੀ ਕੋਈ ਸੱਟ ਨਹੀਂ ਲੱਗੀ। ਮੌਕੇ ਉਪਰ ਹਾਜ਼ਰ ਲੋਕਾਂ ਨੇ ਉਕਤ ਤਿੰਨੋਂ ਬੱਚਿਆਂ ਅਤੇ ਔਰਤ-ਮਰਦ ਨੂੰ ਪਲਟੀ ਗਈ ਗੱਡੀ 'ਚੋਂ ਸਹੀ-ਸਲਾਮਤ ਬਾਹਰ ਕੱਢ ਲਿਆ।
ਜ਼ਖ਼ਮੀਆਂ ਨੂੰ ਵੱਖ-ਵੱਖ ਕਲੱਬਾਂ ਅਤੇ ਮੌਕੇ ਉੱਪਰ ਹਾਜ਼ਰ ਲੋਕਾਂ ਨੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਇੱਥੇ ਡਾਕਟਰਾਂ ਨੇ ਚਾਰ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਦਿੰਦਿਆਂ ਸੱਤ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਲਈ ਰੈਫਰ ਕਰ ਦਿੱਤਾ, ਜਦੋਂ ਕਿ ਰੈਫ਼ਰ ਹੋਣ ਵਾਲੇ ਸੱਤਾਂ ਵਿੱਚੋਂ ਇੱਕ ਹੋਰ ਦੀ ਹਾਲਤ ਕਾਫ਼ੀ ਚਿੰਤਾਜਨਕ ਦੱਸੀ ਜਾ ਰਹੀ ਹੈ।
ਹਾਦਸੇ ਵਿੱਚ ਸ਼ਾਮਲ ਪ੍ਰਮੁੱਖ ਵਹੀਕਲ ਕੈਂਟਰ ਨੰਬਰ ਪੀ ਬੀ ਜ਼ੀਰੋ 3 ਏ-ਪੀ-3965 ਦੇ ਚਾਲਕ (ਡਰਾਈਵਰ) ਨੂੰ ਤੁਰੰਤ ਮੌਕੇ ਉਪਰ ਪੁੱਜੀ ਪੁਲਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਸਿਵਲ ਹਸਪਤਾਲ ਦੇ ਸੂਤਰਾਂ ਅਨੁਸਾਰ ਹਾਦਸੇ ਵਿੱਚ ਮਾਰੇ ਜਾਣ ਵਾਲਿਆਂ 'ਚ ਲਛਮੀ ਪਤਨੀ ਗੁਰਨੈਬ ਸਿੰਘ, ਪ੍ਰਸਿਨ ਕੌਰ (60 ਸਾਲ) ਪਤਨੀ ਦੀਵਾਨ ਸਿੰਘ, ਬੁੱਧ ਸਿੰਘ ਪੁੱਤਰ ਕਾਕਾ ਸਿੰਘ (55) ਅਤੇ ਟੇਕ ਸਿੰਘ ਪੁੱਤਰ ਕਰਮ ਸਿੰਘ (40) ਦੇ ਨਾਂਅ ਸ਼ਾਮਲ ਹਨ, ਜਦੋਂ ਕਿ ਪਰਮਜੀਤ ਕੌਰ ਪਤਨੀ ਗੁਰਜੰਟ ਸਿੰਘ, ਗੁਰਦੇਵ ਕੌਰ ਪਤਨੀ ਮੁਖਤਿਆਰ ਸਿੰਘ, ਪਰਮਜੀਤ ਕੌਰ ਪਤਨੀ ਚੇਤ ਸਿੰਘ, ਸ਼ਿੰਦਰਪਾਲ ਕੌਰ (35), ਰਾਜਵਿੰਦਰ ਕੌਰ ਪਤਨੀ ਮਲੂਕ ਸਿੰਘ, ਪਰਮਜੀਤ ਕੌਰ ਪਤਨੀ ਰਾਮਪਾਲ ਸਿੰਘ, ਜਸਪਾਲ ਕੌਰ ਪਤਨੀ ਅਵਤਾਰ ਸਿੰਘ, ਸਰਵਜੀਤ ਕੌਰ ਪਤਨੀ ਸਾਗਰ ਸਿੰਘ, ਜੱਗਾ ਸਿੰਘ ਪੁੱਤਰ ਬਚਿੱਤਰ ਸਿੰਘ ਅਤੇ ਅਵਤਾਰ ਸਿੰਘ ਪੁੱਤਰ ਟਹਿਲ ਸਿੰਘ ਦੇ ਨਾਂਅ ਜ਼ਖ਼ਮੀ ਹੋਣ ਵਾਲਿਆਂ ਵਿੱਚ ਹਨ।
ਉਕਤ ਭਿਆਨਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਐੱਸ ਐੱਚ ਓ ਸਮੇਤ ਡੀ ਐੱਸ ਪੀ ਚੰਦ ਸਿੰਘ ਅਤੇ ਐੱਸ ਡੀ ਐੱਮ ਤਲਵੰਡੀ ਸਾਬੋ ਸੁਭਾਸ਼ ਚੰਦਰ ਖੱਟਕ ਵੀ ਮੌਕੇ ਉੱਪਰ ਪੁੱਜ ਗਏ।
ਸਿਵਲ ਹਸਪਤਾਲ ਪੁੱਜ ਕੇ ਵੀ ਉਕਤ ਅਧਿਕਾਰੀਆਂ ਨੇ ਸਮੁੱਚੇ ਬਚਾਓ ਕਾਰਜਾਂ ਦੀ ਦੇਖ-ਰੇਖ ਕੀਤੀ।