Latest News

ਇਤਰਾਜ਼ ਵਾਲੀ ਕਵਿਤਾ ਹਟਾਉਣ 'ਤੇ ਫੇਸਬੁੱਕ ਨੇ ਮੰਗੀ ਮਾਫ਼ੀ

Published on 27 Mar, 2017 11:00 AM.


ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਫੇਸਬੁੱਕ ਨੇ ਬੰਗਾਲੀ ਕਵੀ ਦੇ ਅਕਾਊਂਟ ਤੋਂ ਜੋ ਵਿਵਾਦ ਵਾਲੀ ਕਵਿਤਾ ਹਟਾ ਦਿੱਤੀ ਸੀ, ਉਸ ਨੂੰ ਮਾਫ਼ੀ ਸਮੇਤ ਦੋਬਾਰਾ ਕਵੀ ਦੀ ਵਾਲ 'ਤੇ ਪੋਸਟ ਕਰ ਦਿੱਤਾ ਹੈ। ਕਵੀ ਸ਼ੀਜਾਤੋ ਬੰਦੋਪਧਿਆਏ ਨੇ ਯੋਗੀ ਅਦਿੱਤਿਆਨਾਥ ਦੇ ਯੂ ਪੀ ਦੇ ਮੁੱਖ ਮੰਤਰੀ ਬਣਨ ਦੇ ਬਾਅਦ ਇੱਕ ਕਵਿਤਾ ਪੋਸਟ ਕੀਤੀ ਸੀ। ਉਸ ਖਿਲਾਫ਼ ਇਸ ਕਵਿਤਾ ਲਈ ਐਫ਼ ਆਈ ਆਰ ਦਰਜ ਕਰਵਾ ਦਿੱਤੀ ਗਈ, ਜਿਸ ਬਾਅਦ ਫੇਸਬੁੱਕ ਨੇ ਇਹ ਕਵਿਤਾ ਉਸ ਦੀ ਵਾਲ ਤੋਂ ਹਟਾ ਦਿੱਤੀ ਸੀ। ਸ਼ੀਜਾਤੋ ਨੇ ਕਿਹਾ, ''ਇਹ ਵਿਚਾਰਾਂ ਦੀ ਜਿੱਤ ਹੈ। ਮੈਂ ਜਾਣਦਾ ਸੀ ਕਿ ਇਸ ਕਵਿਤਾ ਨੂੰ ਮੇਰੀ ਵਾਲ 'ਤੇ ਰੀਸਟੋਰ ਕਰ ਲਿਆ ਜਾਏਗਾ।'' ਗੌਰਤਲਬ ਹੈ ਕਿ 19 ਮਾਰਚ ਨੂੰ ਅਦਿੱਤਿਆਨਾਥ ਦੇ ਸਹੁੰ ਚੁੱਕਣ ਵਾਲੇ ਦਿਨ ਹੀ ਸ਼ੀਜਾਤੋ ਨੇ 12 ਲਾਈਨਾਂ ਵਾਲੀ ਇੱਕ ਕਵਿਤਾ ਪੋਸਟ ਕੀਤੀ ਸੀ, ਜੋ ਕਿ ਬੰਗਾਲੀ 'ਚ ਸੀ। ਇਸ ਕਵਿਤਾ 'ਤੇ ਪੱਛਮੀ ਬੰਗਾਲ 'ਚ ਇੱਕ ਹਿੰਦੂਵਾਦੀ ਸੰਗਠਨ ''ਹਿੰਦੂ ਸਮਰਤੀ'' ਦੇ ਮੈਂਬਰ 20 ਸਾਲਾ ਵਿਦਿਆਰਥੀ ਅਰਨਬ ਸਰਕਾਰ ਨੇ ਸਿਲੀਗੁਡੀ ਥਾਣੇ 'ਚ ਸ਼ਿਕਾਇਤ ਦਰਜ ਕਰਾਈ। ਉਸ ਨੇ ਇਸ ਕਵਿਤਾ ਜਰੀਏ ਕਵੀ 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦਾ ਦੋਸ਼ ਲਗਾਇਆ। ਯੋਗੀ ਦੇ ਸਮੱਰਥਕਾਂ ਦੀ ਇਤਰਾਜ਼ ਕਵਿਤਾ ਦੀ ਆਖਰੀ ਲਾਈਨ 'ਤੇ ਕੁਝ ਜ਼ਿਆਦਾ ਹੀ ਸੀ। ਜਿਸ 'ਚ ਉਨ੍ਹਾ ਤ੍ਰਿਸ਼ੂਲ ਅਤੇ ਯੋਗੀ ਨੂੰ ਲੈ ਕੇ ਟਿੱਪਣੀ ਕੀਤੀ ਸੀ। ਜ਼ਿਕਰਯੋਗ ਹੈ ਕਿ 24 ਮਾਰਚ ਨੂੰ ਜਦੋਂ ਇਹ ਕਵਿਤਾ ਹਟਾ ਦਿੱਤੀ ਗਈ ਸੀ ਤਾਂ ਯੂਜ਼ਰਸ ਨੇ ਫੇਸਬੁੱਕ ਤੋਂ ਮਿਲੇ ਈਮੇਲ ਦਾ ਸਕਰੀਨ ਸ਼ਾਟ ਲੈ ਕੇ ਫੇਸਬੁੱਕ 'ਤੇ ਸ਼ੇਅਰ ਕਰ ਦਿੱਤਾ, ਜਿਸ ਤੋਂ ਬਾਅਦ ਅਮਰੀਕਾ 'ਚ ਰਹਿਣ ਵਾਲੇ ਸ਼ੁਵਿਕ ਨੇ ਸ਼ੀਜਾਤੋ ਦੇ ਪੱਖ 'ਚ ਇੱਕ ਪੋਸਟ ਸ਼ੇਅਰ ਕਰ ਦਿੱਤੀ। ਇਸ ਤੋਂ ਬਾਅਦ ਫੇਸਬੁੱਕ ਨੇ ਆਪਣਾ ਫੈਸਲਾ ਬਦਲ ਲਿਆ।

387 Views

e-Paper