ਗੈਂਗਸਟਰਾਂ ਦੀ ਸ਼ਾਮਤ, ਸਾਥੀ ਨੂੰ ਛੁਡਾਉਣ ਆਏ ਪੰਜ ਦਬੋਚੇ


ਕਪੂਰਥਲਾ (ਨਵਾਂ ਜ਼ਮਾਨਾ ਸਰਵਿਸ)
ਕਪੂਰਥਲਾ ਜੇਲ੍ਹ ਤੋਂ ਆਪਣੇ ਸਾਥੀਆਂ ਨੂੰ ਛੁਡਵਾਉਣ ਦੀ ਤਾਕ 'ਚ ਬੈਠੇ ਗੈਂਗਸਟਰਾਂ ਨੂੰ ਪੁਲਸ ਨੇ ਕਾਬੂ ਕਰਕੇ ਇਨ੍ਹਾਂ ਦੇ ਪਲਾਨ ਨੂੰ ਫੇਲ੍ਹ ਕਰ ਦਿੱਤਾ। ਇਸ ਦੇ ਨਾਲ ਹੀ ਪੁਲਸ ਨੇ ਇਸ ਗੈਂਗ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਥਿਆਰਾਂ ਦੇਣ ਦੇ ਇਲਜ਼ਾਮ ਵਿੱਚ ਬਟਾਲਾ ਦੇ ਗੰਨ ਹਾਊਸ ਮਾਲਕ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਹੈ।
ਸੰਦੀਪ ਸਿੰਘ ਐਸ ਐਸ ਪੀ ਕਪੂਰਥਲਾ ਨੇ ਦੱਸਿਆ ਕਿ ਪੁਲਸ ਨੇ ਐਸ ਟੀ ਐਫ ਨਾਲ ਮਿਲ ਕੇ ਅੱਠ ਮੈਂਬਰੀ ਗਰੋਹ ਦਾ ਭਾਂਡਾ ਭੰਨ੍ਹਿਆ ਹੈ, ਜਿਹੜਾ ਕਪੂਰਥਲਾ ਜੇਲ੍ਹ ਵਿੱਚ ਬੰਦ ਆਪਣੇ ਮਸ਼ਹੂਰ ਗੈਂਗਸਟਰ ਸਾਥੀ ਚੈਰੀ ਨੂੰ ਛੁਡਵਾਉਣ ਦੀ ਫ਼ਿਰਾਕ ਵਿੱਚ ਸਨ। ਇਨ੍ਹਾਂ ਗੈਂਗਸਟਰਾਂ ਚੈਰੀ ਨੂੰ ਅਗਲੇ ਦਿਨਾਂ ਵਿੱਚ ਅਦਾਲਤ ਵਿੱਚ ਪੇਸ਼ੀ 'ਤੇ ਜਾਂਦੇ ਸਮੇਂ ਛੁਡਵਾਉਣ ਦੀ ਯੋਜਨਾ ਸੀ। ਪੁਲਸ ਨੇ ਅੱਠ ਮੈਂਬਰਾਂ ਵਿੱਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਤੋਂ 2 ਪਿਸਟਲ, 5 ਮੈਗਜ਼ੀਨ ਤੇ 4 ਦਾਤਰ ਬਰਾਮਦ ਕੀਤੇ ਹਨ। ਪੁਲਸ ਦਾ ਦਾਅਵਾ ਹੈ ਕਿ ਇਹ ਗੈਂਗ ਅਕਸਰ ਲੋਕਾਂ ਨੂੰ ਹਥਿਆਰਾਂ ਦੀ ਨੋਕ ਉੱਤੇ ਡਰਾ ਧਮਕਾ ਕੇ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਐਸ ਐਸ ਪੀ ਨੇ ਕਿਹਾ ਕਿ ਪੁਲਸ ਨੂੰ ਜਾਂਚ ਵਿੱਚ ਪਤਾ ਲੱਗਿਆ ਕਿ ਇਨ੍ਹਾਂ ਗੈਗਸਟਰਾਂ ਤੋਂ ਬਰਾਮਦ ਦੋ ਪਿਸਤੌਲਾਂ ਵਿੱਚੋਂ ਇੱਕ ਲਾਇਸੈਂਸੀ ਸੀ, ਜਿਸ ਨੂੰ ਬਟਾਲਾ ਦੇ ਗੰਨ ਹਾਊਸ ਦੇ ਮਾਲਕ ਤੋਂ ਕੁਝ ਪੈਸੇ ਖ਼ਾਤਰ ਗੈਰ-ਕਾਨੂੰਨੀ ਰੂਪ ਵਿੱਚ ਕਿਰਾਏ ਉੱਤੇ ਲਈ ਸੀ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਇਹ ਉਹ ਗੰਨ ਹੈ, ਜਿਹੜੀ ਚੋਣਾਂ ਤੋਂ ਪਹਿਲਾਂ ਜਮ੍ਹਾ ਕਰਵਾਈ ਸੀ।
ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਉਸੇ ਤਰ੍ਹਾਂ ਹੀ ਗੰਨ ਮਾਲਕ ਨੂੰ ਜਮ੍ਹਾਂ ਕਰਵਾ ਕੇ ਰਿਕਾਰਡ ਵਿੱਚ ਸਭ ਠੀਕ-ਠਾਕ ਕਰਨਾ ਸੀ। ਇਸ ਲਈ ਪੁਲਸ ਨੇ ਗੰਨ ਹਾਊਸ ਦੇ ਮਾਲਕ ਨੂੰ ਇਨ੍ਹਾਂ ਨਾਲ ਕਾਬੂ ਕਰ ਲਿਆ ਹੈ। ਸੂਬੇ ਵਿੱਚ ਗੈਂਗਸਟਰ ਦਾ ਹਾਵੀ ਹੋਣ ਦੇ ਮੱਦੇਨਜ਼ਰ ਪੁਲਸਤੰਤਰ ਵੀ ਹਰਕਤ ਵਿੱਚ ਆ ਗਿਆ ਹੈ।