ਮਾਰਚ 'ਚ ਹੀ ਲੂ ਦੀ ਲਪੇਟ 'ਚ ਆ ਗਏ 9 ਸੂਬੇ, ਮਹਾਰਾਸ਼ਟਰ 'ਚ 5 ਮੌਤਾਂ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਸ ਵਾਰ ਮਾਰਚ ਵਿੱਚ ਹੀ ਗਰਮੀ ਨੇ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਕਈ ਸੂਬੇ ਲੂ ਦੀ ਲਪੇਟ 'ਚ ਆ ਚੁੱਕੇ ਹਨ। ਕਈ ਸੂਬਿਆਂ 'ਚ ਪਾਰਾ 40 ਡਿਗਰੀ ਸੈਲਸੀਅਸ ਦੇ ਪਾਰ ਹੈ। ਖਬਰਾਂ ਮੁਬਾਤਕ ਮਹਾਰਾਸ਼ਟਰ 'ਚ ਲੂ ਨੇ 5 ਜਾਨਾਂ ਲੈ ਲਈਆਂ ਹਨ। ਸੋਮਵਾਰ ਤੋਂ ਬਾਅਦ ਲੂ ਦੀ ਲਪੇਟ 'ਚ ਆਉਣ ਵਾਲੇ ਸੂਬਿਆਂ ਦੀ ਗਿਣਤੀ 3 ਤੋਂ ਵਧ ਕੇ 9 ਹੋ ਚੁੱਕੀ ਹੈ। ਅਗਲੇ ਕੁਝ ਦਿਨਾਂ 'ਚ ਦਿੱਲੀ ਦੇ ਲੋਕਾਂ ਨੂੰ ਵੀ ਲੂ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ 'ਚ ਪੂਰੇ ਦੇਸ਼ 'ਚ ਔਸਤ ਤੋਂ ਵੱਧ ਤਾਪਮਾਨ ਰਹਿਣ ਦੀ ਸੰਭਾਵਨਾ ਜਿਤਾਈ ਹੈ। ਮਾਰਚ ਤੋਂ ਮਈ ਤੱਕ ਕਈ ਸੂਬਿਆਂ ਨੂੰ ਲੂ ਦੀ ਮਾਰ ਝੱਲਣੀ ਪਵੇਗੀ।
ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਹਰਿਆਣਾ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ, ਝਾਰਖੰਡ, ਉੜੀਸਾ, ਗੁਜਰਾਤ ਤੇ ਮਹਾਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ 'ਚ ਲੂ ਚੱਲ ਰਹੀ ਹੈ। ਰਾਜਸਥਾਨ ਦੇ ਪੱਛਮੀ ਅਤੇ ਪੂਰਬੀ ਇਲਾਕਿਆਂ 'ਚ ਹਾਲਾਤ ਹੁਣ ਤੋਂ ਹੀ ਗੰਭੀਰ ਸ਼੍ਰੇਣੀ 'ਚ ਆ ਗਏ ਹਨ। ਬਾੜਮੇਰ, ਜੈਸਲਮੇਰ ਅਤੇ ਸੀਕਰ 'ਚ ਲੂ ਦਾ ਕਹਿਰ ਸਭ ਤੋਂ ਵੱਧ ਹੈ। ਜਿੱਥੇ ਤਾਪਮਾਨ 43 ਤੋਂ 44.4 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ।
ਮੌਸਮ ਵਿਗਿਆਨੀਆਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਅਗਲੇ ਕੁਝ ਦਿਨਾਂ 'ਚ ਦਿੱਲੀ ਵੀ ਲੂ ਦੀ ਲਪੇਟ 'ਚ ਆ ਜਾਵੇਗੀ। ਨਿੱਜੀ ਮੌਸਮ ਵਿਸ਼ਲੇਸ਼ਕ ਏਜੰਸੀ ਸਕਾਈਮੇਟ ਦੇ ਨਿਰਦੇਸ਼ਕ ਮਹੇਸ਼ ਪਾਲਾਵਤ ਅਨੁਸਾਰ ਦਿੱਲੀ 'ਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਛੇ ਡਿਗਰੀ ਵੱਧ ਹੈ। ਪਾਲਾਵਤ ਨੇ ਅਨੁਮਾਨ ਜ਼ਾਹਿਰ ਕੀਤਾ ਕਿ 5 ਅਪਰੈਲ ਤੱਕ ਹਰਿਆਣਾ ਤੇ ਪੰਜਾਬ 'ਚ ਹਲਕੀ ਬਾਰਸ਼ ਹੋ ਸਕਦੀ ਹੈ, ਜਿਸ ਨਾਲ ਆਰਜ਼ੀ ਰਾਹਤ ਮਿਲੇਗੀ। ਅਪਰੈਲ ਦਾ ਮਹੀਨਾ ਸਭ ਤੋਂ ਵੱਧ ਗਰਮ ਹੋਵੇਗਾ।