ਮੈਨੂੰ ਗ੍ਰਿਫ਼ਤਾਰ ਕਰੋ ਤੇ ਜੇਲ੍ਹ 'ਚ ਸੁੱਟ ਦਿਓ; ਜਸਟਿਸ ਕਰਨਨ ਦੀ ਚੁਣੌਤੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਦੇ ਇਤਿਹਾਸ 'ਚ ਅੱਜ ਪਹਿਲੀ ਵਾਰ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਤੇ ਹਾਈ ਕੋਰਟ ਦੇ ਜੱਜ ਵਿਚਕਾਰ 49 ਮਿੰਟ ਤੱਕ ਬਹਿਸ ਹੋਈ। ਅੰਤ ਚੀਫ਼ ਜਸਟਿਸ ਨੇ ਕੋਲਕਾਤਾ ਹਾਈ ਕੋਰਟ ਦੇ ਜੱਜ ਸ੍ਰੀ ਸੀ ਐਸ ਕਰਨਨ ਦੀ ਬਹਿਸ ਦੇ ਜੁਆਬ 'ਚ ਇਥੋਂ ਤੱਕ ਕਹਿ ਦਿੱਤਾ ਕਿ ਜੇ ਉਹ ਮਾਨਸਿਕ ਤੌਰ 'ਤੇ ਬਿਮਾਰ ਹਨ ਤਾਂ ਅਦਾਲਤ 'ਚ ਮੈਡੀਕਲ ਸਰਟੀਫਿਕੇਟ ਦਾਖ਼ਲ ਕਰਨ। ਚੀਫ਼ ਜਸਟਿਸ ਨੇ ਉਨ੍ਹਾ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਜੱਜ ਹੋਣ ਦੇ ਬਾਵਜੂਦ ਤੁਹਾਨੂੰ ਕਾਨੂੰਨੀ ਪ੍ਰਕ੍ਰਿਆ ਬਾਰੇ ਪਤਾ ਨਹੀਂ। ਅਸੀਂ ਤੁਹਾਨੂੰ ਜ਼ਮਾਨਤੀ ਵਰੰਟ ਜਾਰੀ ਕੀਤੇ, ਦੋਸ਼ੀ ਵਜੋਂ ਨਹੀਂ ਸਗੋਂ ਤੁਹਾਡਾ ਪੱਖ ਜਾਨਣ ਲਈ ਤੁਹਾਨੂੰ ਨੋਟਿਸ ਕੀਤਾ ਗਿਆ, ਪਰ ਤੁਸੀਂ ਅਦਾਲਤ 'ਚ ਹਾਜ਼ਰ ਨਾ ਹੋਏ।
ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਜਸਟਿਸ ਕਰਨਨ ਨੂੰ ਕਿਹਾ ਕਿ ਉਹ ਚਾਰ ਹਫ਼ਤਿਆਂ ਅੰਦਰ ਹਲਫ਼ਨਾਮੇ ਦੇ ਰੂਪ 'ਚ ਦੋ ਸੁਆਲਾਂ ਦੇ ਜੁਆਬ ਦੇਣ ਕਿ ਕੀ ਉਹ 20 ਜੱਜਾਂ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਸਹੀ ਮੰਨਣ ਲਈ ਤਿਆਰ ਹਨ ਜਾਂ ਉਹ ਸ਼ਿਕਾਇਤ ਵਾਪਸ ਲੈਣ ਜਾਂ ਅਦਾਲਤ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣ ਲਈ ਤਿਆਰ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਜਸਟਿਸ ਕਰਨਨ 'ਤੇ ਅਦਾਲਤੀ ਅਤੇ ਪ੍ਰਸ਼ਾਸਨਿਕ ਕੰਮਾਂ 'ਤੇ ਲਾਈ ਰੋਕ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਕਰਨਨ ਨੇ ਅਦਾਲਤ 'ਚ ਕਿਹਾ ਕਿ ਜੇ ਮੈਨੂੰ ਮੇਰਾ ਕੰਮ ਨਾ ਕਰਨ ਦਿੱਤਾ ਗਿਆ ਤਾਂ ਮੈਂ ਅਦਾਲਤ 'ਚ ਹਾਜ਼ਰ ਨਹੀਂ ਹੋਵਾਂਗਾ, ਇਸ ਬਦਲੇ ਜੋ ਵੀ ਸਜ਼ਾ ਦਿੱਤੀ ਜਾਵੇਗੀ, ਮੈਂ ਭੁਗਤਣ ਲਈ ਤਿਆਰ ਹਾਂ। ਮੈਂ ਜੇਲ੍ਹ ਜਾਣ ਲਈ ਵੀ ਤਿਆਰ ਹਾਂ। ਉਨ੍ਹਾ ਕਿਹਾ ਕਿ ਅਦਾਲਤ ਨੇ ਮੇਰੇ ਖ਼ਿਲਾਫ਼ ਗੈਰ ਸੰਵਿਧਾਨਕ ਫ਼ੈਸਲਾ ਦਿੱਤਾ ਹੈ, ਮੈਂ ਕੋਈ ਅੱਤਵਾਦੀ ਜਾਂ ਗੈਰ ਸਮਾਜੀ ਅਨਸਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜੱਜਾਂ ਵਿਰੁੱਧ ਮੈਂ ਜਿਹੜੀ ਸ਼ਿਕਾਇਤ ਕੀਤੀ, ਉਹ ਕਾਨੂੰਨ ਦੇ ਦਾਇਰੇ 'ਚ ਹੈ, ਪਰ ਸੁਪਰੀਮ ਕੋਰਟ ਨੇ ਮੇਰਾ ਕੰਮ ਖੋਹ ਲਿਆ, ਜਿਸ ਨਾਲ ਮੇਰਾ ਮਾਨਸਿਕ ਸੰਤੁਲਨ ਵਿਗੜ ਗਿਆ। ਉਨ੍ਹਾ ਕਿਹਾ ਕਿ ਜੇ ਮੈਨੂੰ ਮੇਰਾ ਕੰਮ ਵਾਪਸ ਕਰ ਦਿੱਤਾ ਜਾਵੇਗਾ ਤਾਂ ਮੈਂ ਸਾਰੇ ਸੁਆਲਾਂ ਦਾ ਜੁਆਬ ਦਿਆਂਗਾ। ਜਸਟਿਸ ਕਰਨਨ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਨਾਲ ਮੇਰਾ ਸਮਾਜਿਕ ਬਾਈਕਾਟ ਹੋ ਗਿਆ ਹੈ ਅਤੇ ਮੇਰਾ ਵਕਾਰ ਵੀ ਖੁੱਸ ਗਿਆ ਹੈ।
ਮਗਰੋਂ ਜਸਟਿਸ ਕਰਨਨ ਨੇ ਕਿਹਾ ਕਿ ਉਹ ਸੰਵਿਧਾਨਕ ਬੈਂਚ ਦੇ 7 ਜੱਜਾਂ ਖ਼ਿਲਾਫ਼ ਹੁਕਮ ਜਾਰੀ ਕਰਨਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾ ਨੂੰ ਅਜਿਹਾ ਕਰਨ ਦਾ ਅਧਿਕਾਰ ਹੈ ਤਾਂ ਉਨ੍ਹਾ ਨੇ ਹਾਂ 'ਚ ਜੁਆਬ ਦਿੱਤਾ ਅਤੇ ਕੁਝ ਹੀ ਦੇਰ ਮਗਰੋਂ ਉਨ੍ਹਾ ਨੇ 7 ਜੱਜਾਂ ਵਿਰੁੱਧ ਹੁਕਮ ਵੀ ਜਾਰੀ ਕਰ ਦਿੱਤਾ।
ਇਸ ਤੋਂ ਪਹਿਲਾਂ ਉਨ੍ਹਾ ਨੇ ਦਿੱਲੀ ਅਤੇ ਤਿੰਨ ਹੋਰ ਸ਼ਹਿਰਾਂ 'ਚ ਭੁੱਖ ਹੜਤਾਲ ਦੀ ਧਮਕੀ ਦਿੱਤੀ ਸੀ ਅਤੇ ਕਿਹਾ ਕਿ ਭੁੱਖ ਹੜਤਾਲ ਰਾਹੀਂ ਉਹ ਮੰਗ ਕਰਨਗੇ ਕਿ ਉਨ੍ਹਾ ਦੇ ਪ੍ਰਸ਼ਾਸਨਿਕ ਅਤੇ ਅਦਾਲਤੀ ਕੰਮਕਾਜ ਬਹਾਲ ਕੀਤੇ ਜਾਣ ਅਤੇ ਉਨ੍ਹਾ ਵਿਰੁੱਧ ਚੱਲ ਰਹੀ ਅਦਾਲਤੀ ਮਾਣਹਾਨੀ ਦੀ ਕਾਰਵਾਈ ਵਾਪਸ ਲਈ ਜਾਵੇ। ਉਨ੍ਹਾਂ ਨੇ ਸੰਵਿਧਾਨਕ ਬੈਂਚ 'ਚ ਸ਼ਾਮਲ 7 ਜੱਜਾਂ 'ਤੇ ਆਪਣਾ ਅਕਸ ਖ਼ਰਾਬ ਕਰਨ ਦਾ ਦੋਸ਼ ਲਾਉਂਦਿਆਂ 14 ਕਰੋੜ ਰੁਪਏ ਦਾ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੋਲਕਾਤਾ ਹਾਈ ਕੋਰਟ ਦੇ ਜਸਟਿਸ ਸੀ ਐਸ. ਕਰਨਨ ਅੱਜ ਸੁਪਰੀਮ ਕੋਰਟ 'ਚ ਪੇਸ਼ ਹੋਏ। ਪਿਛਲੀ ਸੁਣਵਾਈ ਮੌਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਾਰਨ ਜਸਟਿਸ ਕਰਨਨ ਵਿਰੁੱਧ ਗੈਰ-ਜ਼ਮਾਨਤੀ ਵਰੰਟ ਜਾਰੀ ਕਰ ਦਿੱਤਾ ਗਿਆ ਸੀ ਹਾਲਾਂਕਿ ਜਸਟਿਸ ਕਰਨਨ ਨੇ ਇਸ ਵਰੰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਜਸਟਿਸ ਕਰਨਨ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ, ਨਾਲ ਹੀ ਸੀ ਬੀ ਆਈ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਇਸ ਨੂੰ ਅਦਾਲਤ ਦੀ ਮਾਣਹਾਨੀ ਦਸਿਆ, ਜਿਸ ਮਗਰੋਂ 7 ਜੱਜਾਂ 'ਤੇ ਅਧਾਰਤ ਬੈਂਚ ਨੇ ਜਸਟਿਸ ਕਰਨਨ ਵਿਰੁੱਧ ਅਦਾਲਤ ਦੀ ਮਾਣਹਾਨੀ ਦੇ ਮਾਮਲੇ 'ਚ ਕਾਰਵਾਈ ਸ਼ੁਰੂ ਕੀਤੀ।