10 ਸਾਲਾਂ 'ਚ ਵੰਡੇ ਗੱਫਿਆਂ ਦੀ ਰਿਪੋਰਟ ਤਲਬ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਅਕਾਲੀ-ਬੀਜੇਪੀ ਸਰਕਾਰ ਦੌਰਾਨ ਵਿਕਾਸ ਲਈ ਪਿੰਡਾਂ ਵਿੱਚ ਵੰਡੇ ਗਏ ਕਰੋੜਾਂ ਰੁਪਿਆਂ ਦੀ ਹੁਣ ਜਾਂਚ ਹੋਵੇਗੀ।ਇਸ ਸੰਬੰਧੀ ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਨੇ ਪਿਛਲੇ 10 ਸਾਲਾਂ ਦੀ ਰਿਪੋਰਟ ਮੰਗੀ ਹੈ।ਜਿਹੜੇ ਪਿੰਡਾਂ ਨੂੰ ਪਿਛਲੇ 10 ਸਾਲਾਂ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਪੈਸੇ ਵਿਕਾਸ ਕੰਮਾਂ ਲਈ ਭੇਜੇ ਗਏ, ਉਨ੍ਹਾਂ ਦੇ ਖਰਚਿਆਂ ਬਾਰੇ ਵਿਸਥਾਰਤ ਬਿਉਰਾ ਮੰਗਿਆ ਹੈ।
ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕਰਨਗੇ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਲਕੜ ਚੋਰੀ ਤੇ ਜੰਗਲਾਤ ਵਿਭਾਗ ਦੇ ਮਾਮਲਿਆਂ ਬਾਰੇ ਵੀ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਦਰਾਂ ਦਿਨਾਂ ਵਿੱਚ ਰਿਪੋਰਟ ਦਿੱਤੀ ਜਾਵੇ।
ਸੂਤਰਾਂ ਮੁਤਾਬਕ ਕਾਂਗਰਸ ਦੇ ਵਿਧਾਇਕਾਂ ਨੇ ਨਵੀਂ ਸਰਕਾਰ ਬਣਦਿਆਂ ਹੀ ਵਿਭਾਗ ਦੇ ਮੰਤਰੀ, ਸੀਨੀਅਰ ਅਧਿਕਾਰੀਆਂ ਤੇ ਮੁੱਖ ਮੰਤਰੀ ਦੇ ਦਫ਼ਤਰ ਪਹੁੰਚ ਕਰਕੇ ਮੰਗ ਕੀਤੀ ਹੈ ਕਿ ਪਿੰਡਾਂ ਨੂੰ ਵਿਕਾਸ ਕੰਮਾਂ ਲਈ ਜਾਰੀ ਕੀਤੇ ਪੈਸੇ ਦੀ ਜਾਂਚ ਕੀਤੀ ਜਾਵੇ, ਕਿਉਂਕਿ ਵਿਕਾਸ ਦੇ ਨਾਂਅ 'ਤੇ ਭੇਜਿਆ ਪੈਸਾ ਪਿੰਡਾਂ ਵਿੱਚ ਲੱਗਿਆ ਨਹੀਂ ਹੈ।