Latest News

ਅਯੁੱਧਿਆ ਵਿਵਾਦ; ਸੁਪਰੀਮ ਕੋਰਟ ਵੱਲੋਂ ਛੇਤੀ ਸੁਣਵਾਈ ਤੋਂ ਇਨਕਾਰ

Published on 31 Mar, 2017 12:09 PM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਯੁੱਧਿਆ ਰਾਮ ਮੰਦਰ ਮਾਮਲੇ 'ਚ ਅਹਿਮ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅੱਜ ਛੇਤੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਛੇਤੀ ਸੁਣਵਾਈ ਸੰਭਵ ਨਹੀਂ ਹੈ ਅਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ ਕੋਈ ਤਰੀਕ ਨਹੀਂ ਦਿੱਤੀ, ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਨੇੜ ਭਵਿੱਖ 'ਚ ਇਸ ਮਾਮਲੇ ਦੀ ਅਦਾਲਤ 'ਚ ਸੁਣਵਾਈ ਨਹੀਂ ਹੋ ਸਕੇਗੀ।
ਜ਼ਿਕਰਯੋਗ ਹੈ ਕਿ 21 ਮਾਰਚ ਨੂੰ ਸੁਣਵਾਈ ਵੇਲੇ ਸੁਪਰੀਮ ਕੋਰਟ ਨੇ ਭਾਜਪਾ ਨੇਤਾ ਅਤੇ ਪਟੀਸ਼ਨਰ ਸੁਬਰਾਮਣੀਅਮ ਸੁਆਮੀ ਨੂੰ 31 ਮਾਰਚ ਤੱਕ ਇਹ ਦਸਣ ਲਈ ਕਿਹਾ ਸੀ ਕਿ ਕੀ ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਮੁੱਦਾ ਸੁਲਝਾਉਣ ਲਈ ਤਿਆਰ ਹਨ ਜਾਂ ਨਹੀਂ। ਪਿਛਲੀ ਸੁਣਵਾਈ ਵੇਲੇ ਅਦਾਲਤ ਨੇ ਕਿਹਾ ਕਿ ਜੇ ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਮੁੱਦਾ ਸੁਲਝਾਉਣ ਤਾਂ ਬੇਹਤਰ ਹੈ। ਚੀਫ਼ ਜਸਟਿਸ ਸ੍ਰੀ ਖੇਹਰ ਨੇ ਕਿਹਾ ਸੀ ਕਿ ਜੇ ਦੋਵੇਂ ਧਿਰਾਂ ਚਾਹੁੰਦੀਆਂ ਹਨ ਤਾਂ ਉਹ ਵਿਚੋਲਗੀ ਲਈ ਤਿਆਰ ਹਨ ਅਤੇ ਜੇ ਆਪਸੀ ਗੱਲਬਾਤ ਰਾਹੀਂ ਮਾਮਲੇ ਦਾ ਕੋਈ ਹੱਲ ਨਹੀਂ ਨਿਕਲਦਾ ਹੈ ਤਾਂ ਫੇਰ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ ਹੈ।
ਚੀਫ਼ ਜਸਟਿਸ ਖੇਹਰ ਨੇ ਕਿਹਾ ਕਿ ਇਹ ਮਾਮਲਾ ਧਰਮ ਅਤੇ ਆਸਥਾ ਨਾਲ ਜੁੜਿਆ ਹੋਇਆ ਹੈ ਅਤੇ ਦੋਵੇਂ ਧਿਰਾਂ ਮਿਲ ਬੈਠ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਨ ਅਤੇ ਜੇ ਦੋਵੇਂ ਧਿਰਾਂ ਚਾਹੁੰਦੀਆਂ ਹਨ ਤਾਂ ਉਹ ਖੁਦ ਵਿਚੋਲਗੀ ਲਈ ਤਿਆਰ ਹਨ।
ਜ਼ਿਕਰਯੋਗ ਹੈ ਕਿ ਭਾਜਪਾ ਆਗੂ ਸੁਬਰਾਮਣੀਅਮ ਸੁਆਮੀ ਨੇ ਅਦਾਲਤ 'ਚ ਕਿਹਾ ਸੀ ਕਿ ਰਾਮ ਮੰਦਰ ਵਿਵਾਦ ਦਾ ਮਾਮਲਾ ਪਿਛਲੇ 6 ਸਾਲਾਂ ਤੋਂ ਸੁਪਰੀਮ ਕੋਰਟ 'ਚ ਪੈਂਡਿੰਗ ਪਿਆ ਹੈ ਅਤੇ ਸੁਪਰੀਮ ਕੋਰਟ ਨੂੰ ਇਸ ਮਾਮਲੇ 'ਚ ਰੋਜ਼ਾਨਾ ਸੁਣਵਾਈ ਕਰਕੇ ਛੇਤੀ ਫ਼ੈਸਲਾ ਸੁਣਾਇਆ ਜਾਣਾ ਚਾਹੀਦਾ ਹੈ।
ਉਧਰ ਬਾਬਰੀ ਮਸਜਿਦ ਦੇ ਪੈਰੋਕਾਰ ਮੁਹੰਮਦ ਹਾਸਿਮ ਦੇ ਪੁੱਤਰ ਦੇ ਵਕੀਲ ਅਤੇ ਸੁੰਨੀ ਵਕਫ਼ ਬੋਰਡ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਚਿੱਠੀ ਲਿਖ ਕੇ ਸੁਬਰਾਮਣੀਅਮ ਸੁਆਮੀ ਦੀ ਭੂਮਿਕਾ 'ਤੇ ਸੁਆਲ ਕੀਤੇ ਹਨ।
ਚਿੱਠੀ 'ਚ ਕਿਹਾ ਗਿਆ ਕਿ ਸੁਆਮੀ ਨੇ ਛੇਤੀ ਸੁਣਵਾਈ ਦੀ ਮੰਗ ਕੀਤੀ ਹਾਲਾਂਕਿ ਉਹ ਮਾਮਲੇ 'ਚ ਧਿਰ ਹੀ ਨਹੀਂ ਹਨ ਸਗੋਂ ਉਨ੍ਹਾਂ ਦਖ਼ਲ ਅੰਦਾਜ਼ੀ ਲਈ ਪਟੀਸ਼ਨ ਦਾਇਰ ਕੀਤੀ ਹੈ ਤਾਂ ਸੁਪਰੀਮ ਕੋਰਟ ਨੇ ਅਜੇ ਤੱਕ ਇਹ ਫ਼ੈਸਲਾ ਨਹੀਂ ਕੀਤਾ ਕਿ ਉਨ੍ਹਾ ਦੀ ਪਟੀਸ਼ਨ ਨੂੰ ਸਵੀਕਾਰ ਕੀਤਾ ਜਾਵੇ ਜਾਂ ਨਾ। ਉਨ੍ਹਾ ਕਿਹਾ ਕਿ ਸੁਆਮੀ ਸੰਬੰਧਤ ਧਿਰਾਂ ਦੇ ਵਕੀਲਾਂ ਨੂੰ ਵੀ ਸੁਣਵਾਈ ਨਾਲ ਸੰਬੰਧਤ ਜਾਣਕਾਰੀ ਨਹੀਂ ਦਿੰਦੇ।

289 Views

e-Paper