ਬੇਹਿਸਾਬੀ ਜਾਇਦਾਦ ਦੇ ਮਾਮਲੇ 'ਚ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਖਿਲਾਫ ਚਾਰਜਸ਼ੀਟ ਦਾਇਰ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ 'ਚ ਸੀ ਬੀ ਆਈ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਉਨ੍ਹਾ ਦੀ ਪਤਨੀ ਤੇ ਹੋਰਨਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀਰਭੱਦਰ ਸਿੰਘ ਨੇ ਦਿੱਲੀ ਹਾਈ ਕੋਰਟ ਅੱਗੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸੀ ਬੀ ਆਈ ਦੀ ਤਰਫੋਂ ਦਾਇਰ ਐÎਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਇਹ ਮੰਗ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਦਿੱਲੀ ਦੀ ਅਦਾਲਤ 'ਚ ਵੀਰਭੱਦਰ ਸਿੰਘ ਵਿਰੁੱਧ ਚਾਰਜਸ਼ੀਟ ਦਾਇਰ ਹੋਈ ਹੈ।
ਵੀਰਭੱਦਰ ਨੇ ਆਪਣੀ ਪਟੀਸ਼ਨ 'ਚ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13 (2) ਤੇ 13 (1) ਅਤੇ ਭਾਰਤੀ ਦੰਡਾਵਲੀ ਦੀ ਧਾਰਾ 103 ਅਧੀਨ ਸੀ ਬੀ ਆਈ ਵੱਲੋਂ ਦਰਜ ਕੀਤੀ ਗਈ ਐੱਫ ਆਈ ਆਰ ਨੂੰ ਰੱਦ ਕਰਨ ਦੀ ਹਦਾਇਤ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾ ਬੇਨਤੀ ਕੀਤੀ ਸੀ ਕਿ ਅਦਾਲਤ ਮੁੱਢਲੀ ਜਾਂਚ ਅਤੇ ਐÎਫ ਆਈ ਆਰ ਦੇ ਰਿਕਾਰਡ ਤਲਬ ਕਰੇ।
ਇਸ ਮਾਮਲੇ 'ਚ ਸੀ ਬੀ ਆਈ ਹੁਣ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਉਨ੍ਹਾ ਦੀ ਪਤਨੀ ਤੇ ਸਾਬਕਾ ਸੰਸਦ ਮੈਂਬਰ ਪ੍ਰਤਿਭਾ ਸਿੰਘ ਕੋਲੋਂ ਨਾ ਕੇਵਲ ਪੁੱਛਗਿੱਛ ਕਰਨ ਲਈ ਅਜ਼ਾਦ ਹੈ, ਉਹ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ। ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਸੀ ਬੀ ਆਈ ਅੱਗੋਂ ਪੁੱਛਗਿੱਛ ਵਾਸਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਪਟੀਸ਼ਨ ਵੀ ਦਾਇਰ ਕਰ ਸਕਦੀ ਹੈ। ਦਿੱਲੀ ਹਾਈ ਕੋਰਟ ਨੇ ਬੀਤੇ ਸਾਲ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਟੀਸ਼ਨ 'ਤੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ।
ਜ਼ਿਕਰਯੋਗ ਹੈ ਕਿ ਵੀਰਭੱਦਰ ਸਿੰਘ ਦੇ ਪਰਵਾਰ ਖਿਲਾਫ ਵੀ ਸੀ ਬੀ ਆਈ ਨੇ ਐੱਫ ਆਈ ਆਰ ਦਰਜ ਕੀਤੀ ਸੀ। ਉਨ੍ਹਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਸੀ।
ਵੀਰਭੱਦਰ ਸਿੰਘ 'ਤੇ ਕੇਂਦਰ 'ਚ ਇਸਪਾਤ ਮੰਤਰੀ ਰਹਿੰਦਿਆਂ 6.1 ਕਰੋੜ ਰੁਪਏ ਦੀ ਵਾਧੂ ਜਾਇਦਾਦ ਬਣਾਉਣ ਦਾ ਦੋਸ਼ ਹੈ। ਇਸ ਮਾਮਲੇ 'ਚ ਵੀਰਭੱਦਰ ਸਿੰਘ ਦੇ ਨਾਲ ਉਨ੍ਹਾ ਦੀ ਪਤਨੀ ਪ੍ਰਤਿਭਾ ਸਿੰਘ, ਬੇਟਾ ਬਿਕਰਮਾਦਿੱਤ ਸਿੰਘ ਅਤੇ ਬੇਟੀ ਅਪਰਾਜਿਤਾ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਇਸੇ ਦੌਰਾਨ ਕਾਂਗਰਸ ਨੇ ਦਿੱਲੀ ਹਾਈ ਕੋਰਟ ਦੇ ਤਾਜ਼ਾ ਫੈਸਲੇ ਦੇ ਮੱਦੇਨਜ਼ਰ ਵੀਰਭੱਦਰ ਸਿੰਘ ਦੇ ਅਸਤੀਫੇ ਦੀ ਸੰਭਾਵਨਾ ਤੋਂ ਸਪੱਸ਼ਟ ਤੌਰ 'ਤੇ ਇਨਕਾਰ ਕਰ ਦਿੱਤਾ ਹੈ ਅਤੇ ਦੋਸ਼ ਲਾਇਆ ਹੈ ਕਿ ਸੀਨੀਅਰ ਕਾਂਗਰਸੀ ਆਗੂ ਨੂੰ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।