ਬਜਬਜਘਾਟ 'ਚ ਮਾਰੇ ਗਏ ਸਿੱਖ 103 ਸਾਲਾਂ ਬਾਅਦ ਸ਼ਹੀਦ ਕਰਾਰ


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਦੇਸ਼ ਦੀ ਆਜ਼ਾਦੀ ਲਈ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਕੈਨੇਡਾ ਦੀ ਧਰਤੀ 'ਤੇ ਪੁੱਜੇ ਗ਼ਦਰੀ ਬਾਬਿਆਂ ਤੇ ਹੋਰ ਭਾਰਤੀਆਂ ਨੂੰ ਕੈਨੇਡਾ ਸਰਕਾਰ ਨੇ ਜਦੋਂ ਬੰਦਰਗਾਹ 'ਤੇ ਉਤਰਨ ਨਾ ਦਿੱਤਾ ਤਾਂ ਉਹਨਾਂ ਨੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਭਾਰਤ ਦੀ ਧਰਤੀ ਵੱਲ ਚਾਲੇ ਦਿੱਤੇ ਅਤੇ ਜਿਉਂ ਹੀ ਇਹ ਜਹਾਜ਼ ਕੋਲਕਾਤਾ (ਕਲਕੱਤਾ) ਦੇ ਬਜਬਜਘਾਟ ਵਿਖੇ ਪੁੱਜਾ ਤਾਂ ਅੰਗਰੇਜ਼ ਸੈਨਾ ਨੇ ਗ਼ਦਰੀ ਬਾਬਿਆਂ 'ਤੇ ਜਹਾਜ਼ ਵਿੱਚ ਸਵਾਰ ਹੋਰ ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਵਿੱਚ 18 ਸਿੱਖ ਵੀ ਮਾਰੇ ਗਏ, ਜਿਹਨਾਂ ਦੀ ਯਾਦ ਵਿੱਚ ਅੱਜ ਕੋਲਕਾਤਾ ਵਿਖੇ ਇੱਕ ਗੁਰਦੁਆਰਾ ਵੀ ਬਣਿਆ ਹੋਇਆ ਹੈ। 6 ਅਕਤੂਬਰ 1914 ਨੂੰ ਇਹਨਾਂ ਮਰਨ ਵਾਲੇ ਸਿੱਖਾਂ ਨੂੰ ਤੱਤਕਾਲੀ ਸਰਕਾਰੀ ਸਰਬਰਾਹ ਜਥੇਦਾਰ ਅਕਾਲ ਤਖਤ ਗਿਆਨੀ ਅਰੂੜ ਸਿੰਘ ਨੇ ਅਸਿੱਖ ਕਰਾਰ ਦੇ ਕੇ ਸਿੱਖ ਮੰਨਣ ਤਂੋ ਇਨਕਾਰ ਕਰਦਿਆਂ ਕਿਹਾ ਸੀ ਕਿ ਬ੍ਰਿਟਿਸ਼ ਸ਼ਾਸਨ ਖਿਲਾਫ ਕਾਰਵਾਈ ਕਰਨ ਵਾਲੇ ਇਹ ਸਿੱਖ ਨਹੀਂ ਹਨ। ਅੱਜ ਕਰੀਬ 103 ਸਾਲਾਂ ਬਾਅਦ ਬਜਬਜਘਾਟ ਦੇ ਇਹਨਾਂ ਸ਼ਹੀਦਾਂ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰ-ਚਰਚਾ ਕਰਨ ਉਪਰੰਤ ਅਕਾਲ ਤਖਤ ਸਾਹਿਬ ਤੋਂ ਆਜ਼ਾਦੀ ਪ੍ਰਵਾਨਿਆਂ ਨੂੰ 'ਸ਼ਹੀਦ' ਕਰਾਰ ਦੇ ਕੇ ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੀ ਕਤਾਰ ਨੂੰ ਹੋਰ ਲੰਮੇਰਾ ਕਰ ਦਿੱਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ 8 ਨਵੰਬਰ 2016 ਨੂੰ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸ੍ਰੀ ਸਾਹਿਬ ਸਿੰਘ ਥਿੰਦ ਨੇ ਅਕਾਲ ਤਖਤ ਸਾਹਿਬ 'ਤੇ ਇੱਕ ਪੱਤਰ ਦਿੱਤਾ ਸੀ, ਜਿਸ ਵਿੱਚ ਬਜਬਜਘਾਟ ਦੇ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿ ਸਿੱਖ ਕੌਮ ਦੀ ਆਨ ਤੇ ਸ਼ਾਨ ਗ਼ਦਰੀ ਬਾਬਿਆਂ ਦੇ ਸਾਥੀਆਂ ਦੀ ਹੋਈ ਸ਼ਹਾਦਤ ਹੀ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹ ਸਕੀ ਸੀ, ਪਰ ਅੱਜ ਤੱਕ ਇਹਨਾਂ ਸ਼ਹੀਦਾਂ ਨੂੰ 'ਸ਼ਹੀਦ' ਦਾ ਰੁਤਬਾ ਨਹੀਂ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਪੰਜ ਸਿੰਘ ਸਾਹਿਬਾਨ ਨੇ ਦੀਰਘ ਵਿਚਾਰ ਕਰਨ ਉਪਰੰਤ ਬਜਬਾਜਘਾਟ ਦੇ 18 ਸਿੱਖ ਸ਼ਹੀਦਾਂ ਨੂੰ ਸਿੱਖ ਕੌਮ ਦੇ ਸ਼ਹੀਦ ਪ੍ਰਵਾਨ ਕਰ ਲਿਆ ਹੈ ਅਤੇ ਕੈਨੇਡਾ ਸਰਕਾਰ ਆਪਣੀ ਗਲਤੀ ਦੀ ਪਹਿਲਾਂ ਹੀ ਮੁਆਫੀ ਮੰਗ ਚੁੱਕੀ ਹੈ। ਉਹਨਾਂ ਕਿਹਾ ਕਿ ਸ਼ਹੀਦ ਹਰੇਕ ਕੌਮ ਤੇ ਦੇਸ਼ ਦਾ ਸਰਮਾਇਆ ਹੁੰਦੇ ਹਨ ਤੇ ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਹਨ, ਉਹਨਾਂ ਵਿੱਚੋਂ ਕੁਰਬਾਨੀ ਦੀ ਭਾਵਨਾ ਖਤਮ ਹੋ ਜਾਂਦੀ ਹੈ।
ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸ੍ਰੀ ਸਾਹਿਬ ਸਿੰਘ ਥਿੰਦ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਗਏ ਫੈਸਲੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਸੁਆਗਤ ਕਰਦਿਆਂ ਕਿਹਾ ਕਿ 103 ਸਾਲ ਬਾਅਦ ਇਹ ਇਤਿਹਾਸਕ ਫੈਸਲਾ ਹੋਇਆ ਹੈ, ਜਿਹੜਾ ਸਿੱਖ ਪੰਥ ਵਿੱਚ ਨਵੀਆਂ ਪੈਂੜਾ ਪਾਵੇਗਾ। ਉਹਨਾਂ ਕਿਹਾ ਕਿ 11 ਜਨਵਰੀ 1915 ਨੂੰ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ) ਵਿਖੇ ਭਾਈ ਮੇਵਾ ਸਿੰਘ ਲੋਪੋਕੇ ਨੂੰ ਵੀ ਫਾਂਸੀ ਦੇ ਦਿੱਤੀ ਗਈ ਸੀ, ਉਹਨਾਂ ਦਾ ਨਾਮ ਅੱਜ ਵੀ ਕੈਨੇਡਾ ਸਰਕਾਰ ਦੇ ਕਾਨੂੰਨੀ ਅਤੇ ਇਤਿਹਾਸਕ ਰਿਕਾਰਡ ਵਿੱਚ ਦੋਸ਼ੀਆਂ ਦੀ ਸੂਚੀ ਵਿੱਚ ਸ਼ਾਮਲ ਹੈ, ਨੂੰ ਵੀ ਦਰੁੱਸਤ ਕੀਤਾ ਜਾਣਾ ਜ਼ਰੂਰੀ ਹੈ, ਕਿਉਂਕਿ ਉਹ ਵੀ ਇੱਕ ਅਜ਼ਾਦੀ ਘੁਲਾਟੀਆ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਫਾਊਂਡੇਸ਼ਨ ਕੈਨੇਡਾ ਸਰਕਾਰ ਕੋਲ ਅਪੀਲ ਦਾਇਰ ਕਰ ਚੁੱਕੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਇਸ ਦੇ ਵੀ ਅੱਛੇ ਸਿੱਟੇ ਨਿਕਲਣਗੇ। ਉਹਨਾਂ ਕਿਹਾ ਕਿ ਮੇਵਾ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਕਰਾਰ ਦਿੱਤਾ ਜਾਣਾ ਚਾਹੀਦਾ ਹੈ।