ਸ਼ੋਭਾ ਯਾਤਰਾ ਦੌਰਾਨ ਟਰਾਲਾ ਬੇਕਾਬੂ, ਤਿੰਨ ਮੌਤਾਂ

ਜਲੰਧਰ (ਸ਼ੈਲੀ ਐਲਬਰਟ, ਇਕਬਾਲ ਉੱਭੀ)
ਸ੍ਰੀ ਰਾਮ ਨੌਮੀ ਦੇ ਸ਼ੁੱਭ ਦਿਹਾੜੇ 'ਤੇ ਸਥਾਨਕ ਜੋਤੀ ਚੌਕ ਵਿਚ ਇਕ ਬੇਕਾਬੂ ਟਰਾਲੇ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ ਅਤੇ ਕਈ ਮੋਟਰਸਾਇਕਲਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਪਾ੍ਰਪਤ ਜਾਣਕਾਰੀ ਅਨੁਸਾਰ ਜਦੋਂ ਸ੍ਰੀ ਰਾਮ ਨੌਮੀ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ ਤਾਂ ਸ਼ੋਭਾ ਯਾਤਰਾ ਦੀਆਂ ਝਾਕੀਆਂ ਨੂੰ ਲੈ ਕੇ ਜਾ ਰਹੇ ਟਰਾਲੇ ਦੀਆਂ ਬਰੇਕਾ ਫੇਲ੍ਹ ਹੋ ਗਈਆਂ, ਜਿਸ ਨਾਲ ਬੇਕਾਬੂ ਟਰਾਲੇ ਨੇ ਜਿਥੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ, ਉਥੇ ਲੱਗੀਆਂ ਰੇਹੜੀਆਂ ਨੂੰ ਟੱਕਰ ਮਾਰੀ, ਨਾਲ ਹੀ ਲੱਗੇ ਕਈ ਮੋਟਰਸਾਇਕਲ ਤਹਿਸ-ਨਹਿਸ ਕਰ ਦਿੱਤੇ। ਇਸ ਮੌਕੇ ਲੋਕਾਂ ਵਿਚ ਭਗਦੜ ਮਚ ਗਈ ਅਤੇ ਖੁਸ਼ੀ ਦਾ ਮਾਹੌਲ ਇਕਦਮ ਮਾਯੂਸੀ ਵਿਚ ਬਦਲ ਗਿਆ। ਟਰਾਲੇ ਅੱਗੇ ਜਾ ਰਹੇ ਲੋਕ ਵੀ ਟਰਾਲੇ ਦੀ ਲਪੇਟ ਵਿਚ ਆ ਗਏ, ਜਿਸ ਦੌਰਾਨ ਦੋ ਮਹਿਲਾ ਸਮੇਤ ਤਿੰਨਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਗੰਭੀਰ ਜ਼ਖਮੀ ਹੋ ਗਏ ਅਤੇ ਮੌਕੇ 'ਤੇ ਹੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖਮੀਆਂ ਵਿਚ ਬੈਂਡ-ਬਾਜੇ ਵਾਲੇ, ਝਾਕੀਆਂ ਵਾਲੇ ਅਤੇ ਸ਼ਰਧਾਲੂ ਸ਼ਾਮਿਲ ਸਨ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਤਿੰਨ ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਗਈ ਹੈ ਅਤੇ ਜ਼ਖਮੀਆਂ ਦਾ ਇਲਾਜ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਹੈ। ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ, ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਕੇ ਡੀ ਭੰਡਾਰੀ ਸਿਵਲ ਹਸਪਤਾਲ ਵਿਚ ਜ਼ਖਮੀਆਂ ਦਾ ਪਤਾ ਲੈਣ ਪੁੱਜੇ।
ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਡਿਪਟੀ ਕਮਿਸ਼ਨਰ ਜਲੰਧਰ ਅਤੇ ਸਿਵਲ ਸਰਜਨ ਨਾਲ ਟੈਲੀਫੋਨ 'ਤੇ ਗੱਲ ਕੀਤੀ, ਜੋ ਉਸ ਸਮੇਂ ਹਾਦਸੇ ਵਾਲੀ ਥਾਂ ਹਾਜ਼ਰ ਸਨ। ਮੰਤਰੀ ਨੇ ਉਨ੍ਹਾਂ ਨੂੰ ਸਾਰੇ ਜ਼ਖ਼ਮੀਆਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਦੇ ਇਲਾਜ ਲਈ ਹਰ ਜ਼ਰੂਰੀ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ। ਇੱਕ ਸਰਕਾਰੀ ਤਰਜਮਾਨ ਅਨੁਸਾਰ ਪ੍ਰਾਈਵੇਟ ਹਸਪਤਾਲਾਂ 'ਚ ਰੈਫਰ ਕੀਤੇ ਗਏ ਜ਼ਖ਼ਮੀਆਂ ਦੇ ਇਲਾਜ ਦਾ ਖਰਚਾ ਵੀ ਸਰਕਾਰ ਅਦਾ ਕਰੇਗੀ।
ਸ੍ਰੀ ਬ੍ਰਹਮ ਮਹਿੰਦਰਾ ਨੇ ਇਸ ਮੰਦਭਾਗੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਜ਼ਖ਼ਮੀ ਵਿਅਕਤੀਆਂ ਦੇ ਇਲਾਜ ਦੀ ਪੂਰੀ ਜ਼ੁੰਮੇਵਾਰੀ ਲਵੇਗਾ।