ਈ ਵੀ ਐੱਮ ਛੇੜਛਾੜ ਮੁੱਦਾ ਰਾਜ ਸਭਾ 'ਚ ਜ਼ਬਰਦਸਤ ਹੰਗਾਮਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬੁੱਧਵਾਰ ਨੂੰ ਰਾਜ ਸਭਾ 'ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਚ ਛੇੜਛਾੜ ਦੇ ਮੁੱਦੇ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ ਅਤੇ ਵਿਰੋਧੀ ਧਿਰ ਨੇ ਸਰਕਾਰ 'ਤੇ ਈ ਵੀ ਐੱਮ ਮਸ਼ੀਨਾਂ ਨਾਲ ਛੇੜਛਾੜ ਦਾ ਦੋਸ਼ ਲਾਇਆ। ਵਿਰੋਧੀ ਧਿਰ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਜਦੋਂ ਵਿਰੋਧੀ ਧਿਰ ਨੂੰ ਬਿਹਾਰ ਅਤੇ ਦਿੱਲੀ 'ਚ ਜਿੱਤ ਪ੍ਰਾਪਤ ਹੋਈ ਤਾਂ ਉਹਨਾਂ ਨੂੰ ਈ ਵੀ ਐੱਮ 'ਚ ਕੋਈ ਨੁਕਸ ਦਿੱਖਾਈ ਨਾ ਦਿੱਤਾ, ਪਰ ਹੁਣ ਹਾਰ ਜਾਣ 'ਤੇ ਈ ਵੀ ਐੱਮ ਬੁਰੀ ਹੋ ਗਈ। ਉਨ੍ਹਾ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੀ ਹਾਰ ਪ੍ਰਵਾਨ ਕਰ ਲੈਣੀ ਚਾਹੀਦੀ ਹੈ।
ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਵਿਰੋਧੀ ਧਿਰ ਆਪਣੀ ਹਾਰ ਸਵੀਕਾਰ ਨਾ ਕਰਕੇ ਲੋਕਾਂ ਦੇ ਫਤਵੇ ਦਾ ਅਪਮਾਨ ਕਰ ਰਹੀ ਹੈ ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਤੇ ਦੋਸ਼ ਲਾ ਕੇ ਵਿਰੋਧੀ ਧਿਰ ਦੇਸ਼ ਦੇ ਲੋਕਾਂ ਦਾ ਅਪਮਾਨ ਕਰ ਰਹੀ ਹੈ।
ਇਸ ਮੁੱਦੇ 'ਤੇ ਜ਼ਬਰਦਸਤ ਹੰਗਾਮੇ ਨੂੰ ਦੇਖਦਿਆਂ ਰਾਜ ਸਭਾ ਦੀ ਕਾਰਵਾਈ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਮਗਰੋਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸਭ ਤੋਂ ਪਹਿਲਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦਾ ਮੁੱਦਾ ਉਠਾਇਆ ਸੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਇਸ ਮੁੱਦੇ 'ਤੇ ਮਾਇਆਵਤੀ ਦੀ ਹਮਾਇਤ ਕੀਤੀ ਸੀ।
ਬਸਪਾ ਸੁਪਰੀਮੋ ਮਾਇਆਵਤੀ ਦੀ ਹਮਾਇਤ ਕਰਦਿਆਂ ਕਾਂਗਰਸ ਨੇ ਵੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ ਮੁਦੇ 'ਤੇ ਬੋਲਦਿਆਂ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਮਾਇਆਵਤੀ ਨੂੰ ਹਾਰ ਮਗਰੋਂ ਜਨਤਾ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਮਾਇਆਵਤੀ ਨੇ ਮੱਧ ਪ੍ਰਦੇਸ਼ 'ਚ ਭਿੰਡ ਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਮੁੱਦੇ ਨੂੰ ਉਠਾਇਆ, ਜਿਸ ਮਗਰੋਂ ਕਾਂਗਰਸ ਨੇ ਵੀ ਉਹਨਾਂ ਦੀ ਹਮਾਇਤ ਕੀਤੀ। ਇਸ 'ਤੇ ਹਾਊਸ 'ਚ ਰੌਲਾ-ਰੱਪਾ ਵਧ ਗਿਆ ਅਤੇ ਹੰਗਾਮੇ ਕਾਰਨ ਹਾਊਸ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੁਣੌਤੀ ਦਿੱਤੀ ਸੀ ਕਿ ਉਹਨਾਂ ਨੂੰ 72 ਘੰਟਿਆਂ ਲਈ ਈ ਵੀ ਐਮ ਮਸ਼ੀਨ ਦੇ ਦਿੱਤੀ ਜਾਵੇ ਤਾਂ ਦੱਸ ਦੇਣਗੇ ਕਿ ਕਿਸ ਤਰ੍ਹਾਂ ਮਸ਼ੀਨ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਈ ਵੀ ਐੱਮ ਮਸ਼ੀਨਾਂ ਨਾਲ ਛੇੜਛਾੜ ਦੇ ਲਗਾਤਾਰ ਲੱਗ ਰਹੇ ਦੋਸ਼ਾਂ ਦੇ ਬਾਵਜੂਦ ਚੋਣ ਕਮਿਸ਼ਨ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਯੂ ਪੀ ਚੋਣਾਂ 'ਚ ਮਸ਼ੀਨਾਂ ਨਾਲ ਛੇੜਛਾੜ ਕੀਤੀ ਗਈ। ਇੱਥੇ ਹੀ ਬਸ ਨਹੀਂ,ਚੋਣ ਕਮਿਸ਼ਨ ਨੇ ਕੇਜਰੀਵਾਲ ਦੀ ਉਸ ਚੁਣੌਤੀ ਨੂੰ ਵੀ ਪ੍ਰਵਾਨ ਕਰ ਲਿਆ ਹੈ, ਜਿਸ ਰਾਹੀਂ ਉਨ੍ਹਾ ਕਿਹਾ ਸੀ ਕਿ 72 ਘੰਟਿਆਂ ਲਈ ਸਾਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਦਿੱਤੀਆਂ ਜਾਣ ਤਾਂ ਅਸੀਂ ਦੱਸ ਦਿਆਂਗੇ ਕਿ ਮਸ਼ੀਨਾਂ ਨਾਲ ਕਿਵੇਂ ਛੇੜਛਾੜ ਕੀਤੀ ਜਾਂਦੀ ਹੈ।