ਕਾਂਗਰਸ ਸਰਕਾਰ ਨੇ ਵਾਅਦਾ ਪੂਰਾ ਕਰਨ ਲਈ ਇਕ ਕਦਮ ਵੀ ਨਹੀਂ ਚੁੱਕਿਆ : ਸੁਖਬੀਰ


ਸਰਦੂਲਗੜ੍ਹ (ਅਵਤਾਰ ਜਟਾਣਾ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪਣੇ ਚੋਣ ਵਾਅਦੇ ਤਾਂ ਕੀ ਪੂਰੇ ਕਰਨੇ ਸੀ, ਨਵੀਂ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਪੰਜਾਬੀਆਂ ਨੂੰ ਬਿਜਲੀ ਦਰਾਂ 'ਚ ਚੋਖੇ ਵਾਧੇ ਦਾ ਤੋਹਫਾ ਦੇਣ ਦਾ ਫੈਸਲਾ ਕਰ ਲਿਆ ਹੈ। ਵਿਧਾਨ ਸਭਾ ਚੋਣਾਂ ਵੇਲੇ ਪਾਰਟੀ ਨੂੰ ਦਿੱਤੇ ਸਮੱਰਥਨ ਲਈ ਅਕਾਲੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਨ ਲਈ ਰੱਖੀ ਵਿਸ਼ਾਲ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਨਵੀਂ ਕਾਂਗਰਸ ਸਰਕਾਰ ਦੇ ਪਹਿਲੇ ਫੈਸਲਿਆਂ ਵਿਚ ਸਮਾਜ ਦੇ ਹਰ ਵਰਗ ਵਾਸਤੇ ਬਿਜਲੀ ਦਰਾਂ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਨਿਖੇਧੀਯੋਗ ਗੱਲ ਹੈ ਕਿ ਨਵੀਂ ਸਰਕਾਰ ਨੇ ਸੱਤਾ ਸੰਭਾਲਣ ਦੇ 15 ਦਿਨਾਂ ਅੰਦਰ ਹੀ ਪਹਿਲਾ ਲੋਕ ਵਿਰੋਧੀ ਫੈਸਲਾ ਲੈ ਲਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਮੰਦਭਾਗੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਨੇ ਚੋਣਾਂ ਦੌਰਾਨ ਐਲਾਨ ਕੀਤਾ ਸੀ ਕਿ ਉਹ ਸੱਤਾ ਵਿਚ ਆਉਣ 'ਤੇ ਬਿਜਲੀ ਦਰਾਂ ਵਿਚ ਕਟੌਤੀ ਕਰੇਗੀ ਤੇ ਖਾਸ ਤੌਰ 'ਤੇ ਘਰੇਲੂ ਖਪਤਕਾਰਾਂ ਵਾਸਤੇ ਬਿਜਲੀ ਦਰਾਂ ਘਟਾਈਆਂ ਜਾਣਗੀਆਂ। ਹੁਣ ਜਦੋਂ ਲੋਕਾਂ ਨੇ ਇਹਨਾਂ ਦੀ ਗੱਲ 'ਤੇ ਵਿਸ਼ਵਾਸ ਕਰ ਕੇ ਇਹਨਾਂ ਨੂੰ ਰਾਜ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ ਤਾਂ ਇਹ ਨਾ ਸਿਰਫ ਆਪਣੇ ਵਾਅਦੇ ਤੋਂ ਭੱਜ ਰਹੇ ਹਨ, ਬਲਕਿ ਬਿਲਕੁਲ ਹੀ ਉਲਟ ਫੈਸਲਾ ਲੈ ਲਿਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਜਲਦ ਹੀ ਕਾਂਗਰਸੀਆਂ ਦੇ ਇਰਾਦੇ ਪਤਾ ਲੱਗ ਜਾਣਗੇ। ਉਹਨਾਂ ਕਿਹਾ ਕਿ ਪਾਰਟੀ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਵਿਸਾਰ ਦਿੱਤੇ ਹਨ। ਕਾਂਗਰਸ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਗੱਲ ਕੀਤੀ ਸੀ, ਸਾਰੀਆਂ ਸਮਾਜ ਭਲਾਈ ਪੈਨਸ਼ਨਾਂ 'ਚ ਵਾਧੇ ਦਾ ਵਾਅਦਾ ਕੀਤਾ ਸੀ, ਬੇਰੋਜ਼ਾਗਰੀ ਭੱਤਾ ਤੇ ਸਮਾਰਟ ਫੋਨ ਨੌਜਵਾਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ, ਪਰ ਇਕ ਵੀ ਵਾਅਦਾ ਪੂਰਾ ਕਰਨ ਵਾਸਤੇ ਕਦਮ ਨਹੀਂ ਚੁੱਕਿਆ ਗਿਆ ਤੇ ਉਲਟਾ ਬਿਜਲੀ ਦਰਾਂ 'ਚ ਵਾਧੇ ਦਾ ਲੋਕ ਵਿਰੋਧੀ ਫੈਸਲਾ ਲੈ ਲਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪ੍ਰਣਾਲੀ ਵਿਚ ਸੁਧਾਰ ਲਿਆ ਕੇ ਨਾ ਸਿਰਫ ਬਿਜਲੀ ਦਰਾਂ ਘਟਾਈਆਂ ਸਨ, ਬਲਕਿ ਇਸ ਨੇ ਬਿਜਲੀ ਕੰਪਨੀਆਂ ਨੂੰ ਮਜ਼ਬੂਤ ਵੀ ਕੀਤਾ ਸੀ। ਉਹਨਾਂ ਕਿਹਾ ਕਿ ਸਾਡੇ ਕਾਰਜਕਾਲ ਦੌਰਾਨ ਕੇਂਦਰ ਨੇ ਪਾਵਰਕਾਮ ਨੂੰ ਦੇਸ਼ ਦੀ ਸਰਵੋਤਮ ਬਿਜਲੀ ਕੰਪਨੀ ਕਰਾਰ ਦਿੱਤਾ ਸੀ। ਇਸ ਮੌਕੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੂੰਦੜ ਨੇ ਆਖਿਆ ਕਿ ਨਵੀਂ ਸਰਕਾਰ ਨੂੰ ਸਾਰਿਆਂ ਨਾਲ ਨਿਆਂ ਕਰਨਾ ਚਾਹੀਦਾ ਹੈ ਤੇ ਆਪਣੇ ਪਾਰਟੀ ਵਰਕਰਾਂ ਨੂੰ ਸਿਆਸੀ ਬਦਲਾਖੋਰੀ ਵਿਚ ਉਲਝਣ ਦੀ ਆਗਿਆ ਨਹੀਂ ਦੇਣੀ ਚਾਹੀਦੀ।