ਆਰ ਬੀ ਆਈ ਨੇ ਨਹੀਂ ਬਦਲਿਆ ਰੈਪੋ ਰੇਟ ਰਿਵਰਸ ਰੈਪੋ ਦਰਾਂ 'ਚ 0.25 ਫ਼ੀਸਦੀ ਦਾ ਵਾਧਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੀ ਅਗਵਾਈ ਵਾਲੀ ਮਾਲੀ ਨੀਤੀ ਕਮੇਟੀ ਨੇ ਨੀਤੀਗਤ ਵਿਆਜ ਦਰ 'ਚ ਕੋਈ ਤਬਦੀਲੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਰਿਜ਼ਰਵ ਬੈਂਕ ਨੇ ਰੈਪੋ ਦਰ 6.25 ਹੀ ਰੱਖਣ ਦਾ ਫ਼ੈਸਲਾ ਲਿਆ ਹੈ, ਜਦਕਿ ਰਿਵਰਸ ਰੈਪੋ ਦਰਾਂ ਨੂੰ 5.75 ਫ਼ੀਸਦੀ ਤੋਂ ਵਧਾ ਕੇ 6 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਦਾ ਅਰਥ ਹੈ ਕਿ ਰੈਪ ਦਰਾਂ ਅਤੇ ਰਿਜ਼ਰਵ ਰੈਪੋ ਦਰਾਂ ਵਿਚਾਲੇ ਫ਼ਰਕ 0.50 ਫ਼ੀਸਦੀ ਤੋਂ ਘੱਟ ਕੇ 0.25 ਫ਼ੀਸਦੀ ਰਹਿ ਗਿਆ ਹੈ। ਰਿਜ਼ਰਵ ਬੈਂਕ ਮੁਤਾਬਕ ਅਗਲੀ ਛਿਮਾਹੀ (ਅਪ੍ਰੈਲ ਤੋਂ ਸੰਤਬਰ) 'ਚ ਉਪਭੋਗਤਾ ਸੂਚਕ ਅੰਕ ਅਧਾਰਿਤ ਮਹਿੰਗਾਈ ਦਰ 4.5 ਫ਼ੀਸਦੀ ਰਹੇਗੀ, ਜਦਕਿ ਇਸ ਤੋਂ ਅਗਲੀ ਛਿਮਾਹੀ (ਅਕਤੂਬਰ-ਮਾਰਚ) ਦਰਮਿਆਨੀ ਮਹਿੰਗਾਈ ਦੇ 5 ਫ਼ੀਸਦੀ ਤੱਕ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਸਾਲ 2018 ਦੀ ਪਹਿਲੀ ਤਿਮਾਹੀ ਦੌਰਾਨ ਮਹਿੰਗਾਈ ਦਰ 4.9 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਮਾਲੀ ਨੀਤੀ ਸਮੀਖਿਆ ਦੋ ਅਹਿਮ ਗੱਲਾਂ ਇਹ ਰਹੀਆਂ ਕਿ ਰਿਜ਼ਰਵ ਬੈਂਕ ਨੇ ਅਗਲੇ ਵਿੱਤੀ ਸਾਲ 2018-19 ਲਈ ਆਰਥਿਕ ਵਿਕਾਸ ਦਰ 8.1 ਫ਼ੀਸਦੀ ਰਹਿਣ ਦੀ ਗੱਲ ਆਖੀ ਹੈ ਅਤੇ ਦੂਜਾ ਰੀਅਲ ਅਸਟੇਟ ਇੰਪਰੂਵਮੈਂਟ ਟਰੱਸਟ ਨੂੰ ਮਨਜ਼ੂਰੀ ਮਿਲ ਗਈ ਹੈ।