Latest News
ਗੁਜਰਾਤ \'ਚ ਪੰਜਾਬੀ ਕਿਸਾਨਾਂ ਨੂੰ ਉਜਾੜਨ ਵਾਲਾ ਮੋਦੀ ਕਿਹੜੇ ਮੂੰਹ ਨਾਲ ਮੰਗਦੈ ਪੰਜਾਬੀਆਂ ਤੋਂ ਵੋਟਾਂ : ਸੋਨੀਆ
ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਨੂੰ ਉਜਾੜਨ ਵਾਲੇ ਭਾਜਪਾ ਦੇ ਨਰਿੰਦਰ ਮੋਦੀ ਪੰਜਾਬ ਵਿੱਚ ਕਿਸ ਮੂੰਹ ਨਾਲ ਕਿਸਾਨ ਦੇ ਹੱਕਾਂ ਤੇ ਉਨ੍ਹਾਂ ਨੂੰ ਮਾਲਾਮਾਲ ਕਰਨ ਦੀ ਗੱਲ ਕਰ ਰਹੇ ਹਨ। ਪੰਜਾਬ ਦੇ ਮਿਹਨਤਕਸ਼ ਕਿਸਾਨ ਉਨ੍ਹਾ ਦੇ ਮਗਰਮੱਛ ਵਾਲੇ ਹੰਝੂਆਂ ਨਾਲ ਪਿਘਲਣ ਵਾਲੇ ਨਹੀਂ ਹਨ ਤੇ ਸੰੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਮੈਂਬਰ ਪਾਰਲੀਮਂੈਟ ਵਿਜੇਇੰਦਰ ਸਿੰਗਲਾ ਦੇ ਕੰਮਾਂ ਦੇ ਅਧਾਰ \'ਤੇ ਉਨ੍ਹਾ ਨੂੰ ਵੱਡੇ ਫਰਕ ਨਾਲ ਜਿਤਾ ਕੇ ਦੱਸ ਦੇਣਗੇ ਕਿ ਉਨ੍ਹਾਂ ਨੂੰ ਇਨ੍ਹਾਂ ਮਗਰਮੱਛ ਵਾਲੇ ਹੰਝੂਆਂ ਦੀ ਨਹੀ ਹਕੀਕਤ ਵਿੱਚ ਵਿਕਾਸ ਦੀ ਜ਼ਰੂਰਤ ਹੈ। ਇਹ ਗੱਲ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਸੰਗਰੂਰ ਤੋਂ ਕਾਂਗਰਸ, ਪੀ ਪੀ ਪੀ ਤੇ ਅਕਾਲੀ ਦਲ (ਲ) ਦੇ ਸਾਝੇ ਉਮੀਦਵਾਰ ਵਿਜੇਇੰਦਰ ਸਿੰਗਲਾ ਦੇ ਹੱਕ ਰੱਖੀ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾ ਕਿਹਾ ਕਿ ਮੋਦੀ ਜਿਸ ਗੁਜਰਾਤ ਵਿਕਾਸ ਮਾਡਲ ਦੀ ਗੱਲ ਕਰ ਰਹੇ ਹਨ, ਉਸ ਨੂੰ ਸਾਲਾਂ ਤੋਂ ਗੁਜਰਾਤ ਵਿੱਚ ਮਿਹਨਤ ਕਰ ਰਹੇ ਪੰਜਾਬੀ ਕਿਸਾਨ ਬੇਹਤਰ ਜਾਣਦੇ ਹਨ, ਜਿਨ੍ਹਾਂ ਨੂੰ ਮੋਦੀ ਕੁਝ ਵਪਾਰਕ ਘਰਾਣਿਆਂ ਦੇ ਇਸ਼ਾਰੇ \'ਤੇ ਉਜਾੜਨ \'ਤੇ ਉਤਾਰੂ ਹੋ ਕੇ ਕੌਡੀਆਂ ਦੇ ਭਾਅ ਸਰਮਾਏਦਾਰਾਂ ਨੂੰ ਦੇ ਕੇ ਗੁਜਰਾਤ ਨੂੰ ਵਿਕਾਸ ਮਾਡਲ ਦਾ ਨਾਂਅ ਦੇ ਰਿਹਾ ਹੈ। ਉਨ੍ਹਾ ਮੋਦੀ ਨੂੰ ਸਵਾਲ ਕੀਤਾ ਕਿ ਦੂਸਰਿਆਂ ਦਾ ਪੇਟ ਭਰਨ ਵਾਲੇ ਕਿਸਾਨਾਂ ਨੂੰ ਉਜਾੜਨਾ ਹੀ ਉਨ੍ਹਾ ਦਾ ਗੁਜਰਾਤ ਵਿਕਾਸ ਮਾਡਲ ਹੈ, ਜਿਸ ਨੂੰ ਉਹ ਪੂਰੇ ਹਿੰਦੋਸਤਾਨ ਵਿੱਚ ਲਾਗੂ ਕਰਨਾ ਚਾਹੁੰਦੇ ਹਨ। ਉਨ੍ਹਾ ਨੂੰ ਵਿਸ਼ਵਾਸ ਹੈ ਕਿ ਪੰਜਾਬ ਦੇ ਬਹਾਦਰ ਤੇ ਮਿਹਨਤਕਸ਼ ਲੋਕ ਇਨ੍ਹਾਂ ਫਿਰਕਾਪ੍ਰਸਤ ਤਾਕਤਾਂ ਨੂੰ ਕਰਾਰੀ ਹਾਰ ਦੇਣਗੇ ਤੇ ਇਨ੍ਹਾਂ ਦੇ ਝੂਠੇ ਦਾਅਵਿਆਂ ਦੀ ਹਵਾ ਕੱਢ ਦੇਣਗੇ। ਉਨ੍ਹਾਂ ਫਿਰਕਾਪ੍ਰਸਤ ਤਾਕਤਾਂ ਨੂੰ ਦਿੱਲੀ ਦੀ ਸੱਤਾ ਤੋਂ ਦੂਰ ਰੱਖਣ ਲਈ ਵੱਧ ਤੋ ਵੱਧ ਧਰਮ-ਨਿਰਪੱਖ ਤੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ਼ ਕੀਤੀ, ਤਾਂ ਜੋ ਕੈਂਸਰ ਦੀ ਮਾਰ ਹੇਠ ਆਏ ਇਸ ਇਲਾਕੇ ਵਿੱਚ ਵਿਕਾਸ ਕਾਰਜ ਨਿਰਵਿਘਨ ਚੱਲਦੇ ਰਹਿਣ।\r\nਉਹਨਾ ਕਿਹਾ ਕਿ ਮੋਦੀ ਦੇ ਨਾਲ ਯਾਰੀਆਂ ਪਾ ਕੇ ਬਾਦਲ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ। ਉਹਨਾ ਕਿਹਾ ਕਿ ਬਾਦਲ ਪੰਜਾਬ ਵਿੱਚ ਬਿਜਲੀ ਮੁਫਤ ਦੇਣ ਦੀਆਂ ਗੱਲਾਂ ਕਰ ਰਿਹਾ ਹੈ, ਪ੍ਰੰਤੂ ਪੰਜਾਬ ਅੰਦਰ ਕਿਸਾਨਾਂ ਨੂੰ ਬਿਜਲੀ ਹੀ ਨਹੀਂ ਮਿਲ ਰਹੀ। ਅੱਜ ਕਿਸਾਨ ਆਪਣੀ ਫਸਲ ਨੂੰ ਵੇਚਣ ਲਈ ਮੰਡੀਆਂ ਵਿੱਚ ਰੁਲ ਰਿਹਾ ਹੈ, ਜਦੋ ਕਿ ਯੂ ਪੀ ਏ ਸਰਕਾਰ ਨੇ ਕਿਸਾਨਾਂ ਨੂੰ ਫਸਲ ਦਾ ਸਮੱਰਥਨ ਮੁੱਲ ਵਧਾ ਕੇ ਦਿੱਤਾ ਹੈ।\r\nਸ੍ਰੀਮਤੀ ਗਾਂਧੀ ਨੇ ਕਿਹਾ ਕਿ ਯੂ ਪੀ ਏ ਸਰਕਾਰ ਨੇ ਦੋ ਵਾਰ ਸਿੱਖ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਸਿੱਖਾਂ ਨੂੰ ਮਾਣ ਬਖਸ਼ਿਆ, ਪ੍ਰੰਤੂ ਬੀ ਜੇ ਪੀ ਨੇ ਇੱਕ ਸਿੱਖ ਐੱਮ ਪੀ ਅ੍ਰੰਮਿਤਸਰ ਤੋਂ ਨਵਜੋਤ ਸਿੰਘ ਸਿੱਧੂ ਦੀ ਵੀ ਟਿਕਟ ਕੱਟ ਦਿੱਤੀ। ਉਹਨਾ ਕਿਹਾ ਕਿ ਪੰਜਾਬ ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ। ਪੰਜਾਬ ਦੇ ਜਵਾਨ ਬਹਾਦਰੀ ਕਰਕੇ ਪੂਰੇ ਦੇਸ਼ ਵਿੱਚ ਜਾਣੇ ਜਾਂਦੇ ਹਨ ਤੇ ਪੰਜਾਬ ਦੇ ਜਵਾਨਾਂ ਸ਼ਹੀਦੀਆਂ ਪਾ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਮੈਂ ਇਸ ਧਰਤੀ ਨੂੰ ਪ੍ਰਨਾਮ ਕਰਦੀ ਹਾਂ। ਯੂ ਪੀ ਏ ਸਰਕਾਰ ਨੇ ਸਾਬਕਾ ਸੈਨਿਕਾਂ ਨੂੰ ਇੱਕ ਪੈਨਸ਼ਨ ਅਤੇ ਇੱਕ ਰੈਂਕ ਨਾਲ ਨਿਵਾਜਿਆ ਹੈ, ਪੰਜਾਬ ਵਿੱਚ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੰਜਾਬ ਵਿੱਚ ਵਿਕਾਸ ਕਿਤੇ ਨਹੀਂ ਦਿੱਸਦਾ। ਪੰਜਾਬ ਵਿੱਚ ਤਿੰਨ-ਤਿੰਨ ਮਹੀਨੇ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਜਦੋਂਕਿ ਯੂ ਪੀ ਏ ਸਰਕਾਰ ਨੇ ਛੇਵਾਂ ਪੇ ਕਮਿਸ਼ਨ ਲਾਗੂ ਕਰਿਆ ਅਤੇ ਸੱਤਵਾਂ ਕਰਵਾਉਣ ਜਾ ਰਹੀ ਹੈ। ਉਹਨਾ ਕਿਹਾ ਕਿ ਔਰਤਾਂ \'ਤੇ ਹੁੰਦੇ ਅੱਤਿਆਚਾਰ ਲਈ ਯੂ ਪੀ ਏ ਸਰਕਾਰ ਨੇ ਵਿਸ਼ੇਸ਼ ਕਾਨੂੰਨ ਬਣਾਇਆ, ਜਦੋਂਕਿ ਅਕਾਲੀ ਤੇ ਬੀ ਜੇ ਪੀ ਸਰਕਾਰ ਲੋਕਾਂ ਦੇ ਹਿੱਤ ਦੀ ਸਰਕਾਰ ਨਹੀਂ। ਉਹਨਾ ਕਿਹਾ ਕਿ ਅੱਜ ਪੰਜਾਬ ਅੰਦਰ ਲੋਕਾਂ ਦੀ ਸੁਰੱਖਿਆ ਤਾਂ ਦੂਰ ਦੀ ਗੱਲ, ਇੱਥੇ ਪੰਜਾਬ ਪੁਲਸ ਵੀ ਸੁਰੱਖਿਅਤ ਨਹੀਂ। ਕਾਂਗਰਸ ਸਰਕਾਰ ਵਿੱਚ ਪੰਜਾਬ ਤਰੱਕੀ ਦੇ ਰਾਹ \'ਤੇ ਪੈਂਦਾ ਹੈ, ਪ੍ਰੰਤੂ ਅਕਾਲੀ-ਭਾਜਪਾ ਸਰਕਾਰ ਵਿਕਾਸ ਵਿੱਚ ਅੜਿੱਕਾ ਬਣਦੀ ਹੈ। ਉਹਨਾ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਲਿਤਾਂ ਦੇ ਹੱਕ ਵਿੱਚ ਨਹੀਂ, ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿੱਚ ਹਨ, ਜਿਸ ਪ੍ਰਤੀ ਪੰਜਾਬ ਸਰਕਾਰ ਗੰਭੀਰ ਨਹੀਂ। ਉਹਨਾ ਕਿਹਾ ਕਿ ਬਾਦਲ ਗਰਜਦਾ ਹੈ, ਪਰ ਬਰਸਦਾ ਨਹੀਂ।\r\nਇਸ ਮੌਕੇ ਕਾਂਗਰਸ ਚੋਣ ਕਮੇਟੀ ਪੰਜਾਬ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੋਰ ਭੱਠਲ ਨੇ ਕਿਹਾ ਕਿ ਬੀ ਜੇ ਪੀ ਨਿਊਕਲੀਅਰ ਪਾਵਰ, ਐੱਫ ਡੀ ਆਈ ਅਤੇ ਧਾਰਾ 370 ਦੇ ਖਿਲਾਫ ਹੈ, ਜਦੋਂਕਿ ਕਾਂਗਰਸ ਇਸ ਦੇ ਹੱਕ ਵਿੱਚ ਹੈ, ਜਿਸ ਨਾਲ ਦੇਸ਼ ਦੀ ਉੱਨਤੀ ਹੋਵੇਗੀ ਅਤੇ ਐੱਫ ਡੀ ਆਈ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉੱਥੇ ਆਮ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਉਹਨਾ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ।\r\nਇਸ ਮੌਕੇ ਸੰਗਰੂਰ ਤੋਂ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਜੋ ਮੈਂ ਇਲਾਕਾ ਨਿਵਾਸੀਆਂ ਨਾਲ ਵਾਅਦੇ ਕੀਤੇ ਸਨ, ਉਹਨਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਹਨਾ ਸੋਨੀਆ ਗਾਂਧੀ ਦਾ ਪੀ ਜੀ ਆਈ ਹਸਪਤਾਲ ਮਨਜ਼ੂਰ ਕਰਾ ਕੇ ਧੰਨਵਾਦ ਕੀਤਾ ਅਤੇ ਕਿਹਾ ਕਿ 449 ਕਰੋੜ ਰੁਪਇਆ ਪੀ ਜੀ ਆਈ ਹਸਪਤਾਲ ਲਈ ਕੇਂਦਰ ਸਰਕਾਰ ਨੇ ਦਿੱਤਾ, ਜਿਸ ਕਾਰਨ ਕੰਮ ਚਾਲੂ ਹੋਇਆ, ਜਿੱਥੇ ਸਿਹਤ ਪੱਖੋਂ ਪੂਰੇ ਮਾਲਵੇ ਨੂੰ ਫਾਇਦਾ ਹੋਵੇਗਾ, ਉੱਥੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ। ਸ੍ਰੀ ਸਿੰਗਲਾ ਨੇ ਕਿਹਾ ਪੰਜਾਬ ਦੇ ਲੋਕ ਧਰਮ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਕਾਰਨ ਉਹਨਾਂ ਹਜ਼ੂਰ ਸਾਹਿਬ, ਮਥਰਾ, ਵੈਸ਼ਨੋ ਦੇਵੀ, ਅਜਮੇਰ ਸ਼ਰੀਫ, ਸ੍ਰੀ ਅ੍ਰੰਮਿਤਸਰ, ਸਰਸਾ ਆਦਿ ਜਾਣ ਲਈ ਗੱਡੀਆਂ ਚਲਾਈਆਂ।\r\nਇਸ ਮੌਕੇ ਸ਼ਕੀਲ ਅਹਿਮਦ ਚੋਣ ਇੰਚਾਰਜ ਪੰਜਾਬ ਕਾਂਗਰਸ, ਵਿਧਾਇਕ ਕੇਵਲ ਸਿੰਘ ਢਿੱਲੋਂ, ਸੁਰਜੀਤ ਕੌਰ ਬਰਨਾਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ, ਸਾਬਕਾ ਵਿਧਾਇਕ ਰਜ਼ੀਆ ਸੁਲਤਾਨਾ, ਵਿਧਾਇਕਾ ਹਰਚੰਦ ਕੌਰ ਘਨੌਰੀ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬਿਆ, ਵਿਧਾਇਕ ਮੁਹੰਮਦ ਸਦੀਕ, ਅਮਨ ਅਰੋੜਾ ਹਲਕਾ ਇੰਚਾਰਜ ਸੁਨਾਮ, ਅਜੈਬ ਸਿੰਘ ਰਟੌਲ ਹਲਕਾ ਇੰਚਾਰਜ ਦਿੜ੍ਹਬਾ ਆਦਿ ਹਾਜ਼ਰ ਸਨ।

956 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper