ਪ੍ਰੋਟੋਕੋਲ ਤੋੜ ਕੇ ਸ਼ੇਖ ਹਸੀਨਾ ਦਾ ਸਵਾਗਤ ਕਰਨ ਪਹੁੰਚੇ ਮੋਦੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਦੇ ਚਾਰ ਦਿਨਾ ਦੌਰੇ 'ਤੇ ਦਿੱਲੀ ਪਹੁੰਚੇ ਹਨ। ਸ਼ੇਖ ਹਸੀਨਾ ਦਾ ਸਵਾਗਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੋਟੋਕੋਲ ਨੂੰ ਤੋੜ ਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ। ਇੱਕ ਸਰਕਾਰੀ ਅਧਿਕਾਰੀ ਨੇ ਦਸਿਆ ਹੈ ਕਿ ਮੋਦੀ ਦੇ ਹਵਾਈ ਅੱਡੇ 'ਤੇ ਜਾਣ ਲਈ ਕੋਈ ਉਚੇਚਾ ਪ੍ਰਬੰਧ ਨਹੀਂ ਕੀਤਾ ਗਿਆ ਸੀ, ਸਗੋਂ ਉਹ ਆਮ ਆਵਾਜਾਈ ਦਰਮਿਆਨ ਲੋਕਾਂ 'ਚੋਂ ਲੰਘ ਕੇ ਹਵਾਈ ਅੱਡੇ 'ਤੇ ਪਹੁੰਚੇ। ਹਸੀਨਾ ਭਲਕੇ ਵੱਖ-ਵੱਖ ਮੁੱਦਿਆ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਚਰਚਾ ਕਰਨਗੇ। ਭਾਰਤ ਵੱਲੋਂ ਇਸ ਮੌਕੇ ਬੰਗਲਾਦੇਸ਼ ਨੂੰ ਫ਼ੌਜੀ ਸਾਜ਼ੋ-ਸਾਮਾਨ ਦੀ ਸਪਲਾਈ ਲਈ 50 ਕਰੋੜ ਡਾਲਰ ਦਾ ਕਰਜ਼ਾ ਦਿੱਤੇ ਜਾਣ ਦੀ ਸੰਭਾਵਨਾ ਹੈ। ਹਵਾਈ ਅੱਡੇ 'ਤੇ ਇੱਕ ਵੱਖਰੀ ਗੱਲ ਦੇਖਣ ਨੂੰ ਮਿਲੀ, ਜਦੋਂ ਹਸੀਨਾ ਨਾਲ ਆਏ ਅਧਿਕਾਰੀ ਸੁਰੱਖਿਆ ਨੂੰ ਛੱਡ ਕੇ ਹਵਾਈ ਅੱਡੇ 'ਤੇ ਮੋਦੀ ਨਾਲ ਸੈਲਫ਼ੀਆ ਲੈਣ 'ਚ ਮਸ਼ਰੂਫ਼ ਹੋ ਗਏ। ਸਾਰੇ ਅਫ਼ਸਰਾਂ ਨੇ ਵਾਰੀ-ਵਾਰੀ ਮੋਦੀ ਨਾਲ ਸੈਲਫ਼ੀ ਲਈ। ਦਸਿਆ ਜਾ ਰਿਹਾ ਹੈ ਕਿ ਸ਼ੇਖ ਹਸੀਨਾ ਦੇ ਭਾਰਤ ਦੌਰੇ ਦੌਰਾਨ ਗੈਰ ਫ਼ੌਜੀ ਪ੍ਰਮਾਣੂ ਊਰਜਾ ਬਾਰੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸਮਝੌਤਾ ਹੋਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਰੱਖਿਆ, ਵਪਾਰ, ਅਰਥ ਵਿਵਸਥਾ, ਸਮੇਤ 35 ਸਮਝੌਤਿਆਂ 'ਤੇ ਦਸਤਖਤ ਹੋ ਸਕਦੇ ਹਨ। ਹਾਲਾਂਕਿ ਤੀਸਤਾ ਜਲ ਵੰਡ ਬਾਰੇ ਸਮਝੌਤਾ ਸਿਰੇ ਚੜ੍ਹਨ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਵਿਦੇਸ਼ ਮੰਤਰਾਲੇ ਦਾ ਜਾਇੰਟ ਸਕੱਤਰ ਰੰਗਨਾਥਨ ਨੇ ਦੱਸਿਆ ਹੈ ਕਿ ਸ਼ੇਖ ਹਸੀਨਾ ਦੇ ਭਾਰਤ ਦੌਰੇ ਦੌਰਾਨ ਦੋਹਾਂ ਮੁਲਕਾਂ ਵੱਲੋਂ 20 ਸਮਝੌਤਿਆ 'ਤੇ ਸਹੀ ਪਾਏ ਜਾਣ ਦੇ ਆਸਾਰ ਹਨ। ਉਨ੍ਹਾ ਦਸਿਆ ਕਿ ਦੋਵੇਂ ਦੇਸ਼ ਦੇ ਦੋ ਸ਼ਹਿਰਾਂ ਨੂੰ ਜੋੜਣ ਲਈ ਬੱਸ ਅਤੇ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਵਿਚਾਲੇ ਰੇਲ ਸੇਵਾ ਦੀ ਸ਼ੁਰੂਆਤ ਕੀਤੀ ਜਾਵੇਗੀ। ਬੰਗਲਾਦੇਸ਼ ਨੇ ਢਾਕਾ ਅਤੇ ਕੋਲਕਾਤਾ ਵਿਚਾਲੇ ਨਵੀਂ ਬੱਸ ਸੇਵਾ ਸ਼ੁਰੂ ਕੀਤੇ ਜਾਣ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਹੋਈ ਹੈ।