ਸੁਪਰੀਮ ਕੋਰਟ ; ਪੈਲੇਟ ਗੰਨ ਦੀ ਵਰਤੋਂ ਆਖਰੀ ਬਦਲ ਵਜੋਂ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੁ-ਕਸ਼ਮੀਰ ਵਿੱਚ ਪੱਥਰਬਾਜ਼ਾਂ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੈਲੇਟ ਗੰਨ ਦੀ ਵਰਤੋਂ ਦੇ ਮਾਮਲੇ ਦੀ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸਰਕਾਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਕਿ ਪੈਲੇਟ ਗੰਨ ਦੀ ਵਰਤੋਂ ਇੱਕ ਆਖਰੀ ਬਦਲ ਅਤੇ ਇਸ ਦਾ ਉਦੇਸ਼ ਕਿਸੇ ਨੂੰ ਮਾਰਨਾ ਨਹੀਂ ਹੈ। ਕੇਂਦਰ ਨੇ ਉਨ੍ਹਾ ਪ੍ਰਸਥਿਤੀਆਂ ਬਾਰੇ ਵੀ ਦੱਸਿਆ, ਜਿਨ੍ਹਾਂ ਤਹਿਤ ਪੈਲੇਟ ਗੰਨ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਕੋਰਟ ਵਿੱਚ ਭੀੜ ਨਾਲ ਸਿੱਝਣ ਲਈ ਹੋਰ ਬਦਲਾਂ ਬਾਰੇ ਵੀ ਦੱਸਿਆ ਗਿਆ। ਸਰਕਾਰ ਦੇ ਜਵਾਬ ਤੋਂ ਬਾਅਦ ਸੁਪਰੀਮ ਕੋਰਟ ਨੇ ਪੈਲੇਟ ਗੰਨ ਦਾ ਵਿਰੋਧ ਕਰ ਰਹੀ ਜੰਮੂ-ਕਸ਼ਮੀਰ ਦੀ ਬਾਰ ਐਸੋਸੀਏਸ਼ਨ ਤੋਂ ਕੇਂਦਰ ਵੱਲੋਂ ਚੁੱਕੇ ਗਏ ਵੱਖ-ਵੱਖ ਮੁੱਦਿਆਂ ਦਾ ਜਵਾਬ ਮੰਗਿਆ ਗਿਆ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬਾਰ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਉਹ ਨਾ ਤਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਹੈ ਅਤੇ ਨਾ ਹੀ ਸੁਰੱਖਿਆ ਬਲਾਂ ਦੇ ਨਾਲ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 28 ਅਪ੍ਰੈਲ 'ਤੇ ਪਾਉਂਦੀਆਂ ਬਾਰ ਐਸੋਸੀਏਸ਼ਨ ਨੂੰ ਕਿਹਾ ਹੈ ਕਿ ਉਹ 2 ਹਫਤਿਆਂ ਅੰਦਰ ਇਸ ਮੁੱਦੇ ਬਾਰੇ ਆਪਣਾ ਜਵਾਬ ਉਚਿਤ ਢੰਗ ਨਾਲ ਪੇਸ਼ ਕਰੇ।
ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਕਿ ਭੀੜ ਨੂੰ ਕਾਬੂ ਕਰਨ ਲਈ ਪੈਲੇਟ ਗੰਨ ਦੀ ਥਾਂ ਰਬੜ ਦੀਆਂ ਗੋਲੀਆਂ ਦੀ ਵਰਤੋਂ ਕਰਨ ਵਰਗੇ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਰਬੜ ਦੀਆਂ ਗੋਲੀਆਂ ਪੈਲੇਟ ਗੰਨ ਦੀ ਤਰ੍ਹਾਂ ਘਾਤਕ ਨਹੀਂ ਹਨ। ਜ਼ਿਕਰਯੋਗ ਹੈ ਕਿ 27 ਮਾਰਚ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਜੇ ਐੱਸ ਖੇਹਰ, ਜਸਟਿਸ ਡੀ ਵਾਈ ਚੰਦਰ ਚੂਹੜ ਅਤੇ ਜਸਟਿਸ ਐੱਸ ਕੇ ਕੌਲ ਦੀ ਅਗਵਾਈ ਹੇਠਲੇ ਬੈਂਚ ਨੇ ਕੇਂਦਰ ਸਰਕਾਰ ਨੂੰ ਪੈਲੇਟ ਗੰਨ ਦੇ ਬਦਲ ਲੱਭਣ ਦੇ ਹੁਕਮ ਦਿੱਤੇ ਸਨ।