ਮੋਦੀ ਰਾਜ 'ਚ ਅਟਲ ਦੇ 'ਰਾਸ਼ਟਰ ਧਰਮ' ਦਾ ਭੋਗ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਟਲ ਬਿਹਾਰੀ ਵਾਜਪਾਈ ਵੈਸੇ ਤਾਂ ਪਹਿਲਾਂ ਹੀ ਪਾਰਟੀ ਦੇ ਪ੍ਰੋਗਰਾਮਾਂ ਦੇ ਮੰਚ ਤੋਂ ਗਾਇਬ ਹੋ ਚੁੱਕੇ ਹਨ, ਪਰ ਹੁਣ ਉਨ੍ਹਾ ਦੇ ਮਾਸਿਕ ਪਰਚੇ 'ਰਾਸ਼ਟਰ ਧਰਮ' ਦੀ ਹੋਂਦ ਵੀ ਖਤਰੇ ਵਿੱਚ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਡਾਇਰੈਕਟੋਰੇਟ ਆਫ ਐਡਵਰਟਾਈਜ਼ਿੰਗ ਐਂਡ ਵਿਜ਼ੂਅਲ ਪਬਲੀਸਿਟੀ (ਡੀ ਏ ਵੀ ਪੀ) ਨੇ ਇਸ ਰਸਾਲੇ ਦੀ ਮਾਨਤਾ ਰੱਦ ਕਰ ਦਿੱਤੀ ਹੈ। ਹੁਣ ਰਾਸ਼ਟਰ ਧਰਮ ਰਸਾਲੇ ਨੂੰ ਸਰਕਾਰੀ ਇਸ਼ਤਿਹਾਰਾਂ ਦੀ ਪਾਤਰਤਾ ਸੂਚੀ 'ਚੋਂ ਬਾਹਰ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰ ਧਰਮ ਰਸਾਲੇ ਨੂੰ ਆਰ ਐੱਸ ਐਸ ਨੇ ਲੋਕਾਂ ਨੂੰ ਰਾਸ਼ਟਰ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਅਗਸਤ 1947 'ਚ ਸ਼ੁਰੂ ਕੀਤਾ ਸੀ। ਉਸ ਸਮੇਂ ਅਟਲ ਬਿਹਾਰੀ ਵਾਜਪਾਈ ਇਸ ਦੇ ਸੰਸਥਾਪਕ ਸੰਪਾਦਕ ਬਣੇ ਸਨ ਅਤੇ ਜਨਸੰਘ ਦੇ ਸੰਸਥਾਪਕ ਪੰਡਤ ਦੀਨਦਿਆਲ ਉਪਾਧਿਆਏ ਇਸ ਦੇ ਸੰਸਥਾ ਦੇ ਪ੍ਰਬੰਧਕ ਸਨ। ਕੇਂਦਰੀ ਸੂਚਨਾ ਪ੍ਰਸਾਰਨ ਮੰਤਰਾਲੇ 'ਚ ਵਧੀਕ ਮਹਾਂਨਿਰਦੇਸ਼ਕ ਸਤਿੰਦਰ ਪ੍ਰਕਾਸ਼ ਵੱਲੋਂ 6 ਅਪ੍ਰੈਲ ਨੂੰ ਜਾਰੀ ਇੱਕ ਪੱਤਰ ਮੁਤਾਬਿਕ ਦੇਸ਼ ਦੇ ਕੁੱਲ 804 ਅਖਬਾਰਾਂ, ਰਸਾਲਿਆਂ ਦੀ ਡੀ ਏ ਵੀ ਪੀ ਮਾਨਤਾ ਰੱਦ ਕੀਤੀ ਗਈ ਹੈ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੇ 165 ਅਖਬਾਰਾਂ-ਰਸਾਲੇ ਸ਼ਾਮਲ ਹਨ।
ਰਾਸ਼ਟਰ ਧਰਮ ਦੇ ਪ੍ਰਬੰਧਕ ਪਵਨ ਪੁੱਤਰ ਬਦਲ ਮੁਤਾਬਿਕ, ''ਅਜੇ ਸਾਨੂੰ ਇਸ ਦੀ ਜਾਣਕਾਰੀ ਨਹੀਂ ਮਿਲੀ, ਜੇ ਅਜਿਹਾ ਹੋਇਆ ਹੈ ਤਾਂ ਬਿਲਕੁੱਲ ਗਲਤ ਹੈ। ਐਮਰਜੈਂਸੀ 'ਚ ਜਦੋਂ ਇੰਦਰਾ ਗਾਂਧੀ ਨੇ ਸਾਡੇ ਦਫਤਰ ਨੂੰ ਹੀ ਸੀਲ ਕਰ ਦਿੱਤਾ ਸੀ, ਤਦ ਵੀ ਇਸ ਦਾ ਪ੍ਰਕਾਸ਼ਨ ਬੰਦ ਨਹੀਂ ਸੀ ਹੋਇਆ।