ਔਲਖ ਘਟਨਾ ਤੋਂ ਸਿੰਘ ਸਾਹਿਬ ਤਲਖ, ਗੁ. ਕਮੇਟੀ ਨੂੰ ਕੀਤਾ ਤਲਬ


ਅੰਮ੍ਰਿਤਸਰ (ਜਸਬੀਰ ਸਿੰਘ)
ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਨੇੜਲੇ ਪਿੰਡ ਔਲਖ ਦੇ ਗੁਰਦੁਆਰਾ ਹਿੰਦ ਦੀ ਚਾਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਤ ਪਾਵਨ ਸਰੂਪ ਅਗਨ ਭੇਟ ਹੋਣ ਦੀ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੰਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਗ੍ਰੰਥੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 17 ਅਪ੍ਰੈਲ ਨੂੰ ਤਲਬ ਹੋਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ-ਸਤਿਕਾਰ ਨੂੰ ਬਰਕਰਾਰ ਰੱਖਣ ਲਈ ਵਾਰ-ਵਾਰ ਗੁਰਦੁਆਰਾ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾਂਦਾ ਰਿਹਾ ਹੈ, ਬਾਵਜੂਦ ਇਸਦੇ ਪਿੰਡ ਔਲਖ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸੁਸ਼ੋਭਿਤ ਗੁਰਦੁਆਰਾ ਹਿੰਦ ਦੀ ਚਾਦਰ ਵਿਖੇ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਦੀ ਅਣਗਹਿਲੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਤ ਪਾਵਨ ਸਰੂਪ ਅਗਨ ਭੇਟ ਹੋ ਗਏ, ਜੋ ਅਤਿ-ਨਿੰਦਣਯੋਗ ਤੇ ਦੁੱਖਦਾਈ ਘਟਨਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਗੁਰਦੀਪ ਸਿੰਘ ਪ੍ਰਧਾਨ, ਸੁਰਜੀਤ ਸਿੰਘ ਮੀਤ ਪ੍ਰਧਾਨ, ਹਰਭਜਨ ਸਿੰਘ ਤੇ ਮੱਖਣ ਸਿੰਘ ਕਮੇਟੀ ਮੈਂਬਰਾਂ ਸਮੇਤ ਗ੍ਰੰਥੀ ਕ੍ਰਿਪਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 17 ਅਪ੍ਰੈਲ ਨੂੰ ਸਵੇਰੇ 11 ਵਜੇ ਤਲਬ ਕੀਤਾ ਹੈ।
ਐੱਸ ਜੀ ਪੀ ਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਗੁਰਦੁਆਰਾ ਕਮੇਟੀਆਂ ਨੂੰ ਸੁਚੇਤ ਰਹਿਣ ਦੀ ਤਾੜਨਾ ਕੀਤੀ ਹੈ ਅਤੇ ਔਲਖ ਘਟਨਾ ਸੰਬੰਧੀ ਗੁ. ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਅਤੇ ਮੁੱਖ ਗ੍ਰੰਥੀ ਸਿੰਘ ਤੋਂ ਪੂਰੀ ਰਿਪੋਰਟ ਮੰਗੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੁਲਸ ਪ੍ਰਸ਼ਾਸਨ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।