ਨੀਰਜ ਸਿੰਘ ਕਤਲ ਕੇਸ; ਭਾਜਪਾ ਵਿਧਾਇਕ ਦੇ ਗ੍ਰਿਫ਼ਤਾਰੀ ਵਰੰਟ ਜਾਰੀ


ਧੰਨਬਾਦ (ਨਵਾਂ ਜ਼ਮਾਨਾ ਸਰਵਿਸ)-ਅਦਾਲਤ ਨੇ ਸਾਬਕਾ ਡਿਪਟੀ ਮੇਅਰ ਨੀਰਜ ਸਿੰਘ ਕਤਲ ਕੇਸ 'ਚ ਭਾਜਪਾ ਵਿਧਾਇਕ ਸੰਜੀਵ ਸਿੰਘ ਵਿਰੁੱਧ ਗ੍ਰਿਫ਼ਤਾਰੀ ਵਰੰਟ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਨੀਰਜ ਸਿੰਘ ਵਿਧਾਇਕ ਸੰਜੀਵ ਸਿੰਘ ਦੇ ਚਚੇਰੇ ਭਰਾ ਸਨ। ਸਾਬਕਾ ਡਿਪਟੀ ਮੇਅਰ ਨੀਰਜ ਸਿੰਘ ਸਮੇਤ 4 ਲੋਕਾਂ ਦੇ ਕਤਲ ਦੇ ਮਾਮਲੇ 'ਚ ਪੁਲਸ ਜਾਂਚ ਤੋਂ ਨੀਰਜ ਦੇ ਪਰਵਾਰਕ ਮੈਂਬਰ ਵੀ ਸੰਤੁਸ਼ਟ ਨਹੀਂ ਹਨ। ਜ਼ਿਕਰਯੋਗ ਹੈ ਕਿ ਆਪੋਜ਼ੀਸ਼ਨ ਨੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਨੂੰ ਲੈ ਕੇ ਕੱਲ੍ਹ ਧੰਨਬਾਦ 'ਚ ਧਰਨਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਧੰਨਬਾਦ ਦੇ ਡਿਪਟੀ ਮੇਅਰ ਨੀਰਜ ਸਿੰਘ ਨੂੰ ਚਾਰ ਸਾਥੀਆਂ ਸਮੇਤ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਆਪਣੀ ਗੱਡੀ ਰਾਹੀਂ ਘਰ ਪਰਤ ਰਹੇ ਸਨ ਕਿ ਰਾਹ 'ਚ ਬਾਈਕ ਸਵਾਰ ਸ਼ੂਟਰਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਮਾਮਲੇ 'ਚ ਵਿਧਾਇਕ ਸੰਜੀਵ ਸਿੰਘ, ਉਨ੍ਹਾ ਦੇ ਭਰਾ ਮਨੀਸ਼, ਗਯਾ ਸਿੰਘ, ਪਿੰਟੂ ਸਿੰਘ ਅਤੇ ਮਹੰਤ ਪਾਂਡੇ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ। ਮੁੱਖ ਮੰਤਰੀ ਰਘੁਵਰ ਦਾਸ ਨੇ ਮਾਮਲੇ ਦੀ ਜਾਂਚ ਲਈ ਸੀ ਆਈ ਡੀ ਦੇ ਏ ਡੀ ਜੀ ਅਜੈ ਕੁਮਾਰ ਸਿੰਘ ਦੀ ਅਗਵਾਈ 'ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਹੁਣ ਤੱਕ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।