ਅਮਰੀਕੀ ਮਾਹਰਾਂ ਨੇ ਜਾਧਵ ਨੂੰ ਸਜ਼ਾ ਸੁਣਾਉਣ ਦੇ ਪਾਕਿ ਦੇ ਫ਼ੈਸਲੇ 'ਤੇ ਪ੍ਰਗਟਾਈ ਚਿੰਤਾ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਮਾਹਿਰਾਂ ਨੇ ਭਾਰਤੀ ਨਾਗਰਿਕਾਂ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦੇ ਪਾਕਿਸਤਾਨ ਦੇ ਫ਼ੈਸਲੇ 'ਤੇ ਚਿੰਤਾ ਪ੍ਰਗਟਾਈ ਹੈ। ਇੱਕ ਅਮਰੀਕੀ ਮਾਹਰ ਨੇ ਕਿਹਾ ਕਿ ਪਾਕਿਸਤਾਨ ਖੁਦ ਨੂੰ ਵਿਸ਼ਵ 'ਚ ਅਲੱਗ-ਥਲੱਗ ਕੀਤੇ ਜਾਣ ਖਿਲਾਫ਼ ਭਾਰਤ ਨੂੰ ਇੱਕ ਸਖ਼ਤ ਸੁਨੇਹਾ ਦੇਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਫ਼ੌਜੀ ਫੀਲਡ ਜਨਰਲ ਕੋਰਟ ਮਾਰਸ਼ਲ ਵੱਲੋਂ ਅੱਤਵਾਦ ਤੇ ਜਾਸੂਸੀ ਦੇ ਮਾਮਲੇ 'ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਫ਼ੌਜੀ ਐਕਟ ਤਹਿਤ ਜਾਧਵ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕੁਮਾਰ ਜਾਵੇਦ ਬਾਜਵਾ ਨੇ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ 'ਚ ਦੱਖਣੀ ਤੇ ਮੱਧ ਏਸ਼ੀਆ ਬਿਊਰੋ 'ਚ ਸਾਬਕਾ ਸੀਨੀਅਰ ਅਧਿਕਾਰੀ ਐਲਿਸਾ ਏਰਿਸ ਨੇ ਕਿਹਾ ਕਿ ਜਾਧਵ ਦੇ ਮਾਮਲੇ 'ਚ ਕਈ ਬੇਨਿਯਮੀਆਂ ਹਨ, ਜਿਨ੍ਹਾਂ ਉਸ ਨੂੰ ਦੂਤਘਰ ਪਹੁੰਚ ਨਾ ਕਰਾਉਣਾ ਅਤੇ ਕੋਰਟ ਮਾਰਸ਼ਲ ਬਾਰੇ ਗੋਪਨੀਅਤਾ ਰੱਖਣੀ ਸ਼ਾਮਲ ਹੈ।
ਉਨ੍ਹਾ ਕਿਹਾ ਕਿ ਉਹ ਜਾਧਵ ਮਾਮਲੇ ਦੀ ਇੰਨੀ ਛੇਤੀ ਸੁਣਵਾਈ ਤੋਂ ਹੈਰਾਨ ਹਨ, ਜਦਕਿ ਮੁੰਬਈ ਹਮਲਾਵਰਾਂ ਵਿਰੁੱਧ ਕਾਰਵਾਈ ਕਈ ਵਾਰ ਮੁਲਤਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੰਬਈ ਹਮਲੇ ਦੀ ਸੁਣਵਾਈ 9 ਸਾਲਾਂ ਤੋਂ ਅਟਕੀ ਹੋਈ ਹੈ। ਅਮਰੀਕੀ ਥਿੰਕ ਟੈਕ ਅਟਲਾਂਟਿਕ ਕੌਂਸਲ ਦੇ ਦੱਖਣੀ ਏਸ਼ੀਆ ਸੈਂਟਰ ਦੇ ਡਾਇਰੈਕਟਰ ਭਰਤ ਗੋਪਾਲ ਸੁਆਮੀ ਅਨੁਸਾਰ ਜਾਧਵ ਨੂੰ ਦੋਸ਼ੀ ਸਾਬਤ ਕਰਨ ਲਈ ਸਬੂਤ ਬੇਹੱਦ ਕਮਜ਼ੋਰ ਹਨ ਅਤੇ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਦੱਸੀ ਕਹਾਣੀ 'ਚ ਤਾਲਮੇਲ ਨਹੀਂ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਵੱਲੋਂ ਕਾਰਵਾਈ ਭਾਰਤ ਵਿਰੁੱਧ ਸਿਆਸੀ ਭਾਵਨਾ ਪ੍ਰੇਰਿਤ ਲੱਗਦੀ ਹੈ।
ਸੀਨੀਅਰ ਕੂਟਨੀਤਕ ਮਾਈਕਲ ਕੁਰਾਲਮੈਨ ਨੇ ਕਿਹਾ ਕਿ ਇਹ ਪੂਰੀ ਕਹਾਣੀ ਰਹੱਸ ਅਤੇ ਬੇਯਕੀਨੀ 'ਚ ਡੁੱਬੀ ਹੋਈ ਹੈ ਅਤੇ ਲੱਗਦਾ ਹੈ ਕਿ ਪਾਕਿਸਤਾਨ ਭਾਰਤ ਨੂੰ ਇੱਕ ਸਪੱਸ਼ਟ ਸੁਨੇਹਾ ਦੇਣਾ ਚਾਹੁੰਦਾ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਵੱਲੋਂ ਜਾਧਵ ਦੀ ਸਜ਼ਾ ਦਾ ਮਾਮਲਾ ਭਾਰਤ ਨਾਲ ਸੌਦੇਬਾਜ਼ੀ ਲਈ ਵਰਤਿਆ ਜਾ ਸਕਦਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਵ੍ਹਾਈਟ ਹਾਊਸ ਨੇ ਜਾਧਵ ਨੂੰ ਸੁਣਾਈ ਗਈ ਸਜ਼ਾ 'ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।