ਕਰਜ਼ੇ ਤੋਂ ਪਰੇਸ਼ਾਨ ਕਿਸਾਨ ਬੀਬੀ ਵੱਲੋਂ ਖੁਦਕੁਸ਼ੀ


ਮਾਨਸਾ (ਜਗਦੀਸ਼, ਰੀਤਵਾਲ)-ਪਿੰਡ ਬੱਪੀਆਣਾ ਦੀ ਕਿਸਾਨ ਔਰਤ ਬਲਵੰਤ ਕੌਰ ਪਤਨੀ ਬਾਰਾ ਸਿੰਘ ਵੱਲੋਂ ਕਰਜ਼ੇ ਤੋਂ ਤੰਗ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸਰਕਲ ਪ੍ਰਧਾਨ ਜੀਵਨ ਭਾਰਦਵਾਜ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਬੈਂਕਾਂ ਅਤੇ ਆੜ੍ਹਤੀਏ ਦੇ ਕਰਜ਼ੇ ਕਾਰਨ ਪਰਵਾਰ ਦੀ ਆਰਥਿਕ ਹਾਲਤ ਬਹੁਤ ਮੰਦੀ ਹੋ ਚੁੱਕੀ ਸੀ। ਬਲਵੰਤ ਕੌਰ ਦੇ ਪਰਵਾਰ ਨੇ ਬਹੁਤ ਮਿਹਨਤ ਕੀਤੀ, ਪਰ ਘਰ ਦੀ ਹਾਲਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੀ ਗਈ ਅਤੇ ਮੰਦੇ ਆਰਥਿਕ ਹਾਲਾਤ ਤੋਂ ਤੰਗ ਆ ਕੇ ਆਖਿਰ ਬਲਵੰਤ ਕੌਰ ਜ਼ਿੰਦਗੀ ਦੀ ਜੰਗ ਹਾਰ ਗਈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦੇ ਹਾਲਾਤ ਦਿਨੋਂ-ਦਿਨ ਮਾੜੇ ਹੁੰਦੇ ਜਾ ਰਹੇ ਹਨ, ਜਿਸ ਦੇ ਸਿੱਟੇ ਵਜੋਂ ਹਰ ਰੋਜ਼ ਕਿਸਾਨਾਂ ਵਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮਾਫ ਕਰਨ ਦੀ ਪਾਲਿਸੀ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ ਤਾਂ ਕਿ ਕਿਸਾਨਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੀੜਿਤ ਕਿਸਾਨ ਪਰਵਾਰ ਦਾ ਕਰਜ਼ਾ ਤੁਰੰਤ ਮਾਫ ਕੀਤਾ ਜਾਵੇ ਅਤੇ ਪਰਵਾਰ ਨੂੰ ਬਣਦਾ ਮੁਆਵਜ਼ਾ ਵੀ ਤੁਰੰਤ ਦਿੱਤਾ ਜਾਵੇ।