ਹੁਣ ਰੋਜ਼ਾਨਾ ਅਧਾਰ 'ਤੇ ਤੈਅ ਹੋਵੇਗੀ ਪੈਟਰੋਲ ਤੇ ਡੀਜ਼ਲ ਦੀ ਕੀਮਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹੁਣ ਰੋਜ਼ਾਨਾ ਅਧਾਰ 'ਤੇ ਤੈਅ ਕੀਤੀ ਜਾਵੇਗੀ। ਸਰਕਾਰ ਨੇ ਕਿਹਾ ਹੈ ਕਿ ਸ਼ੁਰੂ 'ਚ ਇਹ ਯੋਜਨਾ 5 ਸ਼ਹਿਰਾਂ 'ਚ ਲਾਗੂ ਕੀਤੀ ਜਾਵੇਗੀ। ਪਹਿਲੀ ਮਈ ਤੋਂ ਪੁਡੂਚੇਰੀ, ਵਿਸ਼ਾਖਾਪਟਨਮ, ਉਦੈਪੁਰ, ਜਮਸ਼ੇਦਪੁਰ ਅਤੇ ਚੰਡੀਗੜ੍ਹ 'ਚ ਰੋਜ਼ਾਨਾ ਅਧਾਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕੀਤੀਆਂ ਜਾਇਆ ਕਰਨਗੀਆਂ। ਤੇਲ ਕੰਪਨੀਆਂ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਅਤੇ ਹਿੰਦੁਸਤਾਨ ਪੈਟਰੋਲੀਅਮ ਸਰਕਾਰ ਤੋਂ ਮੰਗ ਕਰਦੀਆਂ ਰਹੀਆਂ ਹਨ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਮਿਥੀਆਂ ਜਾਣ। ਹੁਣ ਤੇਲ ਕੰਪਨੀਆਂ ਦੀ ਮੰਗ 'ਤੇ ਸਰਕਾਰ ਨੇ ਇੱਕ ਪਾਇਲਟ ਪ੍ਰਾਜੈਕਟ ਤਿਆਰ ਕੀਤਾ ਹੈ ਅਤੇ ਸਰਕਾਰੀ ਸੂਤਰਾਂ ਅਨੁਸਾਰ ਇਹ ਪਾਇਲਟ ਪ੍ਰਾਜੈਕਟ ਪਹਿਲੀ ਮਈ ਤੋਂ 5 ਸ਼ਹਿਰਾਂ 'ਚ ਲਾਗੂ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਤਿੰਨੇ ਪੈਟਰੋਲੀਅਮ ਕੰਪਨੀਆਂ ਦੇ ਇਹਨਾਂ 5 ਸ਼ਹਿਰਾਂ 'ਚ 200 ਆਊਟਲੈਸ ਹਨ, ਜਿੱਥੇ ਗ੍ਰਾਹਕਾਂ ਨੂੰ ਰੋਜ਼ਾਨਾ ਨਵੇਂ ਭਾਅ 'ਤੇ ਪੈਟਰੋਲੀਅਮ ਪਦਾਰਥ ਮਿਲਣਗੇ। ਤੇਲ ਕੰਪਨੀਆਂ ਦੇ ਇੱਕ ਤਰਜਮਾਨ ਨੇ ਕਿਹਾ ਕਿ ਜੇ ਇਹਨਾਂ 5 ਸ਼ਹਿਰਾਂ 'ਚ ਇਹ ਪਾਇਲਟ ਪ੍ਰਾਜੈਕਟ ਸਫ਼ਲ ਹੁੰਦਾ ਹੈ ਤਾਂ ਤੇਲ ਕੰਪਨੀਆਂ ਵੱਲੋਂ ਇਸ ਪ੍ਰਾਜੈਕਟ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।