ਬੱਜਟ ਸੈਸ਼ਨ 'ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿਆਂਗੇ : ਮਨਪ੍ਰੀਤ


ਤਲਵੰਡੀ ਸਾਬੋ (ਬਠਿੰਡਾ) (ਬਖਤੌਰ ਢਿੱਲੋਂ)
ਖਾਲਸੇ ਦੇ ਜਨਮ ਦਿਹਾੜੇ 'ਤੇ ਵਿਸਾਖੀ ਮੌਕੇ ਇਥੇ ਲੱਖਾਂ ਲੋਕਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਿੱਥੇ ਸਿਆਸੀ ਪਾਰਟੀਆਂ ਨੇ ਕਾਨਫਰੰਸਾਂ ਕੀਤੀਆਂ, ਉੱਥੇ ਮੁਤਵਾਜੀ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਧਾਰਮਿਕ ਸਟੇਜ ਤੋਂ ਸਿੱਖੀ ਨਾਲ ਜੁੜਨ ਅਤੇ ਬੇਅਦਬੀ ਦੀਆਂ ਘਟਨਾਵਾਂ ਰੋਕਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਭਾਵੇਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਗੁਰੂ ਘਰ ਮੱਥਾ ਟੇਕਿਆ, ਪਰ ਵਧੀ ਗਰਮੀ ਕਾਰਨ ਸ਼ੁਰੂ ਹੋਈ ਹਾੜ੍ਹੀ ਦੀ ਵਾਢੀ ਸਦਕਾ ਇਸ ਵਾਰ ਪਿਛਲੇ ਸਾਲਾਂ ਨਾਲੋਂ ਲੋਕਾਂ ਦੀ ਆਮਦ ਘੱਟ ਰਹੀ। ਸੜਕਾਂ ਉੱਪਰ ਪਿਛਲੇ ਸਾਲਾਂ ਵਾਂਗ ਜਾਮ ਨਹੀਂ ਲੱਗੇ ਤੇ ਆਵਾਜਾਈ ਵਿੱਚ ਰੁਕਾਵਟ ਨਹੀਂ ਆਈ।
ਆਪਣੇ ਜਾਤੀ ਤੇ ਸਿਆਸੀ ਸ਼ਰੀਕਾਂ ਉੱਪਰ ਪੰਜਾਬ ਨੂੰ ਮੁਗਲਾਂ ਤੇ ਅੰਗਰੇਜ਼ਾਂ ਨਾਲੋਂ ਵੀ ਵੱਧ ਬੇਰਹਿਮੀ ਨਾਲ ਲੁੱਟਣ ਦਾ ਦੋਸ਼ ਲਾਉਂਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਤਿੰਨ ਕੁ ਮਹੀਨੇ ਬਾਅਦ ਹੋਣ ਵਾਲੇ ਬੱਜਟ ਸੈਸ਼ਨ ਦੌਰਾਨ ਸੂਬੇ ਦੇ ਕਿਸਾਨਾਂ ਨੂੰ ਦਰਪੇਸ਼ ਕਰਜ਼ੇ ਦੀ ਭਿਆਨਕ ਬੀਮਾਰੀ ਦਾ ਠੋਸ ਇਲਾਜ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਮੌਜੂਦਗੀ ਵਿੱਚ ਇੱਕ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਮੁੱਖ ਏਜੰਡਾ ਬਦਲੇ ਦੀ ਭਾਵਨਾ ਦੇ ਉਲਟ ਅਜਿਹੀ ਸਿਆਸਤ ਨੂੰ ਤਰਜੀਹ ਦੇਣਾ ਹੈ, ਜੋ ਸੂਬੇ ਦੀ ਤਰੱਕੀ ਦੀ ਜ਼ਾਮਨ ਹੋਵੇ। ਦੂਜੇ ਹੀ ਸਾਹ ਵਿੱਚ ਉਹਨਾਂ ਕਿਹਾ ਕਿ ਇਸਦਾ ਇਹ ਵੀ ਮਤਲਬ ਨਹੀਂ ਕਿ ਉਹਨਾਂ ਲੋਕਾਂ ਨਾਲ ਲਿਹਾਜ਼ ਕੀਤੀ ਜਾਵੇਗੀ, ਜਿਨ੍ਹਾਂ ਨੇ ਗਰੀਬਾਂ ਨੂੰ ਲੁੱਟਣ ਤੇ ਕੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ। ਆਪਣੇ ਸਿਆਸੀ ਸ਼ਰੀਕਾਂ ਦਾ ਨਾਂਅ ਲਏ ਬਗੈਰ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੂੰ ਦੋਵੇਂ ਹੱਥੀਂ ਲੁੱਟ ਕੇ ਅਕਾਲੀਆਂ ਨੇ ਮੁਗਲਾਂ ਅਤੇ ਅੰਗਰੇਜ਼ਾਂ ਦੀ ਬੇਰਹਿਮੀ ਨੂੰ ਵੀ ਮਾਤ ਕਰ ਦਿੱਤਾ ਹੈ।
ਕੈਪਟਨ ਸਰਕਾਰ ਦੀਆਂ ਤਰਜੀਹਾਂ ਦਾ ਜ਼ਿਕਰ ਕਰਦਿਆਂ ਮਨਪ੍ਰੀਤ ਨੇ ਦੱਸਿਆ ਕਿ ਕੈਬਨਿਟ ਦੀ ਪਹਿਲੀ ਹੀ ਮੀਟਿੰਗ ਵਿੱਚ 140 ਫੈਸਲੇ ਲੈ ਕੇ ਜਿੱਥੇ ਰਿਸ਼ਵਤ, ਗਰੀਬੀ ਅਤੇ ਅਨਪੜ੍ਹਤਾ ਦੇ ਖਾਤਮੇ ਤੋਂ ਇਲਾਵਾ ਐੱਨ ਆਰ ਆਈਜ਼ ਦੀਆਂ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ, ਮੁੱਖ ਮੰਤਰੀ ਸਮੇਤ ਵਜ਼ੀਰਾਂ ਅਤੇ ਸੀਨੀਅਰ ਅਫ਼ਸਰਾਂ ਦੀਆਂ ਬੇਨਿਯਮੀਆਂ ਦੀ ਪੜਤਾਲ ਲਈ ਲੋਕਪਾਲ ਦੀ ਸਥਾਪਨਾ, ਰਿਸ਼ਵਤ ਰਹਿਤ ਪ੍ਰਸ਼ਾਸਨ ਅਤੇ ਪੁਲਸ ਕਰਮਚਾਰੀਆਂ ਦੀ ਬਾਰਾਂ ਘੰਟਿਆਂ ਤੋਂ ਵੱਧ ਡਿਊਟੀ ਨਾ ਲੈਣਾ ਯਕੀਨੀ ਬਣਾਉਣਾ ਹੋਵੇਗਾ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬੀਆਂ ਦੀ ਬਿਹਤਰੀ ਲਈ ਚੁੱਕੇ ਜਾਣ ਵਾਲੇ ਹੋਰ ਕਦਮਾਂ ਦਾ ਐਲਾਨ ਕਰਨ ਦਾ ਅਧਿਕਾਰ ਤਾਂ ਭਾਵੇਂ ਮੁੱਖ ਮੰਤਰੀ ਨੇ ਉਹਨਾਂ ਨੂੰ ਦੇ ਦਿੱਤਾ ਸੀ, ਲੇਕਿਨ ਅਜਿਹੇ ਮਹੱਤਵਪੂਰਨ ਰਾਜ ਆਪਣੇ ਲੋਕਾਂ ਨਾਲ ਖ਼ੁਦ ਕੈਪਟਨ ਅਮਰਿੰਦਰ ਸਿੰਘ ਹੀ ਸਾਂਝੇ ਕਰਨ, ਇਸ ਨੂੰ ਮੁੱਖ ਰੱਖਦਿਆਂ ਉਸਦਾ ਇਹ ਫੈਸਲਾ ਹੈ ਕਿ ਸਿਹਤਯਾਬ ਹੋਣ ਉਪਰੰਤ ਉਹਨਾਂ ਤੋਂ ਹੀ ਬਠਿੰਡਾ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਵਿੱਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਅਗਲੇ ਤਿੰਨ ਕੁ ਮਹੀਨਿਆਂ ਦੌਰਾਨ ਅਜਿਹਾ ਤਵੀਤ ਤਿਆਰ ਹੋ ਜਾਵੇਗਾ, ਜਿਸਦੀ ਬਦੌਲਤ ਆਮ ਲੋਕਾਂ ਨੂੰ ਉਹਨਾਂ ਭੂਤਾਂ-ਪਰੇਤਾਂ ਤੋਂ ਹਮੇਸ਼ਾ-ਹਮੇਸ਼ਾ ਲਈ ਛੁਟਕਾਰਾ ਹਾਸਿਲ ਹੋ ਜਾਵੇਗਾ, ਜੋ ਦਹਾਕਿਆਂ ਤੋਂ ਉਹਨਾਂ ਨੂੰ ਲੁੱਟਦੇ ਤੇ ਕੁੱਟਦੇ ਆ ਰਹੇ ਸਨ। ਕਰਜ਼ਾ-ਮੁਕਤੀ ਦੇ ਮਾਮਲੇ ਤੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਕਿੰਤੂ-ਪ੍ਰੰਤੂ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਅੱਗੇ ਆਉਣ ਵਾਲੇ ਬੱਜਟ ਸੈਸ਼ਨ ਦੌਰਾਨ ਅਜਿਹਾ ਪੱਕਾ ਇਲਾਜ ਕੀਤਾ ਜਾਵੇਗਾ, ਜਿਸਦੀ ਬਦੌਲਤ ਕਿਸਾਨੀ ਨੂੰ ਦੇਣਦਾਰੀਆਂ ਤੋਂ ਮੁਕਤੀ ਹਾਸਿਲ ਹੋ ਜਾਵੇਗੀ। ਝੂਠੇ ਪਰਚਿਆਂ ਦੀ ਜਾਂਚ ਲਈ ਸੇਵਾ-ਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਹੇਠ ਬਣੇ ਕਮਿਸ਼ਨ ਦਾ ਜ਼ਿਕਰ ਕਰਦਿਆਂ ਉਹਨਾਂ ਦਾਅਵਾ ਕੀਤਾ ਕਿ ਰਿਪੋਰਟ ਮਿਲਣ ਤੋਂ ਬਾਅਦ ਅਜਿਹੇ ਮਾਮਲੇ ਰੱਦ ਹੀ ਨਹੀਂ ਹੋਣਗੇ, ਬਲਕਿ ਝੂਠੇ ਮੁਕੱਦਮੇ ਦਰਜ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਖਿਲਾਫ ਵੀ ਸਖ਼ਤ ਕਾਰਵਾਈ ਹੋਵੇਗੀ ਤਾਂ ਕਿ ਅਗਾਂਹ ਲਈ ਕੋਈ ਅਜਿਹਾ ਹੀਆ ਹੀ ਨਾ ਕਰ ਸਕਣ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਜਿਹੀ ਸ਼ਖ਼ਸੀਅਤ ਦਾ ਮਾਲਕ ਹੈ, ਜੋ ਹਰ ਲੜਾਈ ਵਿੱਚ ਫਤਹਿ ਪਾਉਣ ਦੇ ਸਮਰੱਥ ਹੈ। 18 ਦਿਨਾਂ ਦੀ ਹਕੂਮਤ ਦੌਰਾਨ ਲਾਮਿਸਾਲ ਫੈਸਲੇ ਲੈਂਦਿਆਂ ਜਿੱਥੇ ਉਹਨਾਂ ਆਪਣੇ ਤੇ ਬੇਗਾਨਿਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ, ਉੱਥੇ ਐੱਸ ਵਾਈ ਐੱਲ ਦੇ ਮੁੱਦੇ 'ਤੇ ਭਾਰਤ ਸਰਕਾਰ ਨੂੰ ਵੀ ਪਹਿਲਕਦਮੀ ਕਰਨ ਲਈ ਮਜਬੂਰ ਹੋਣਾ ਪੈ ਗਿਆ ਹੈ।
ਇਸ ਰੈਲੀ ਨੂੰ ਗੁਰਪ੍ਰੀਤ ਸਿੰਘ ਕਾਂਗੜ, ਅਜੈਬ ਸਿੰਘ ਭੱਟੀ, ਖੁਸ਼ਬਾਜ ਸਿੰਘ ਜਟਾਣਾ, ਅਜੀਤ ਇੰਦਰ ਸਿੰਘ ਮੋਫਰ, ਨਰਿੰਦਰ ਸਿੰਘ ਭਲੇਰੀਆ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਕੈਪਟਨ ਸੰਦੀਪ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ, ਹਰਜੋਤ ਸਿੰਘ, ਪ੍ਰੀਤਮ ਸਿੰਘ ਕੋਟਭਾਈ, ਗੁਰਕੀਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ ਸਾਰੇ ਵਿਧਾਇਕ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ, ਹਰਮੰਦਰ ਜੱਸੀ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਮੋਹਨ ਲਾਲ, ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ, ਹਰਚੰਦ ਕੌਰ ਘਨੌਰੀ, ਜਗਰੂਪ ਸਿੰਘ ਗਿੱਲ, ਦਰਸ਼ਨ ਸਿੰਘ ਜੀਂਦਾ ਆਦਿ ਹਾਜ਼ਰ ਸਨ।