Latest News

ਰਾਜੌਰੀ ਗਾਰਡਨ ਉਪ ਚੋਣ 'ਚ ਸਿਰਸਾ ਜੇਤੂ

Published on 13 Apr, 2017 11:17 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਕਾਲੀ ਦਲ-ਭਾਜਪਾ ਗੱਠਜੋੜ ਨੇ ਦਿੱਲੀ ਦੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਆਪ ਤੋਂ ਖੋਹ ਲਈ ਹੈ। ਇਸ ਹਲਕੇ ਦੀਆਂ ਵੋਟਾਂ ਦੀ ਅੱਜ ਹੋਈ ਗਿਣਤੀ 'ਚ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਕਾਰ ਰਿਹਾ ਅਤੇ ਆਪ ਉਮੀਦਵਾਰ ਜ਼ਮਾਨਤ ਵੀ ਨਾ ਬਚਾ ਸਕਿਆ।
ਹਲਕੇ ਲਈ ਹੋਈ ਉਪ ਚੋਣ 'ਚ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਉਮੀਦਵਾਰ ਮੀਨਾਕਸ਼ੀ ਚੰਦੇਲਾ ਨੂੰ 14652 ਵੋਟਾਂ ਦੇ ਫ਼ਰਕ ਨਾਲ ਹਰਾਇਆ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੀਜੇ ਨੰਬਰ 'ਤੇ ਰਹੇ। ਮਨਜਿੰਦਰ ਸਿੰਘ ਸਿਰਸਾ ਨੂੰ 40602ਸ ਜਦਕਿ ਕਾਂਗਰਸ ਦੀ ਚੰਦੇਲਾ ਨੂੰ 25950 ਅਤੇ ਆਪ ਦੇ ਹਰਜੀਤ ਸਿੰਘ ਨੂੰ ਸਿਰਫ਼ 10243 ਵੋਟਾਂ ਮਿਲੀਆਂ ਅਤੇ ਹਰਜੀਤ ਸਿੰਘ ਜ਼ਮਾਨਤ ਬਚਾਉਣ ਲਈ ਜ਼ਰੂਰੀ ਛੇਵਾਂ ਹਿੱਸਾ ਵੋਟਾਂ ਵੀ ਹਾਸਲ ਨਾ ਕਰ ਸਕੇ।
ਜ਼ਿਕਰਯੋਗ ਹੈ ਕਿ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਆਪ ਵਿਧਾਇਕ ਜਰਨੈਲ ਸਿੰਘ ਦੇ ਅਸਤੀਫ਼ੇ ਕਾਰਣ ਖਾਲੀ ਹੋਈ ਸੀ। ਜਰਨੈਲ ਸਿੰਘ ਨੇ ਦਿੱਲੀ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਕੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਲੰਬੀ ਹਲਕੇ ਤੋਂ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਚੋਣ ਲੜੀ ਸੀ ਪਰ ਚੋਣ ਹਾਰ ਗਏ ਸਨ। ਚੋਣ ਨਤੀਜੇ 'ਤੇ ਆਪਣੀ ਪ੍ਰਤੀਕ੍ਰਿਆ 'ਚ ਆਪ ਆਗੂ ਸੰਜੇ ਸਿੰਘ ਨੇ ਕਿਹਾ ਕਿ ਹਲਕੇ ਦੇ ਲੋਕ ਜਰਨੈਲ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਨਰਾਜ਼ ਸਨ ਅਤੇ ਉਸ ਦਾ ਅਸਰ ਚੋਣ ਨਤੀਜੇ 'ਚ ਦਿਖਾਈ ਦਿੱਤਾ। ਵੱਖ-ਵੱਖ ਸੂਬਿਆਂ ਦੇ 10 ਵਿਧਾਨ ਸਭਾ ਹਲਕਿਆਂ 'ਚ ਹੋਈਆਂ ਉਪ ਚੋਣਾਂ ਦੇ ਨਤੀਜਿਆਂ ਅਨੁਸਾਰ ਭਾਵੇਂ ਬਹੁਤੀਆਂ ਥਾਵਾਂ 'ਤੇ ਮੋਦੀ ਲਹਿਰ ਜਾਰੀ ਹੈ, ਪਰ ਕਰਨਾਟਕ 'ਚ ਅਜੇ ਵੀ ਕਾਂਗਰਸ ਦਾ ਦਬਦਬਾ ਕਾਇਮ ਹੈ ਅਤੇ ਦੱਖਣੀ ਕਰਨਾਟਕ ਦੀਆਂ ਦੋ ਸੀਟਾਂ 'ਤੇ ਹੋਈਆਂ ਉਪ ਚੋਣਾਂ 'ਚ ਕਾਂਗਰਸ ਉਮੀਦਵਾਰ ਜੇਤੂ ਰਹੇ।
ਬੰਗਲੌਰ ਦੀ ਰਿਪੋਰਟ ਅਨੁਸਾਰ ਨੰਜਨਗੁਡ ਹਲਕੇ ਤੋਂ ਕਲਾਲੇ ਕੇਸ਼ਵਮੂਰਤੀ ਜੇਤੂ ਰਹੇ। ਉਨ੍ਹਾ ਨੇ ਆਪਣੇ ਨੇੜਲੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀਨਿਵਾਸ ਪ੍ਰਸਾਦ ਨੂੰ 15 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ। ਗੁੰਡਲਪੇਟ ਹਲਕੇ ਤੋਂ ਵੀ ਕਾਂਗਰਸ ਉਮੀਦਵਾਰ ਗੀਤਾ ਉਰਫ਼ ਮੋਹਨ ਕੁਮਾਰੀ ਜੇਤੂ ਰਹੀ। ਉਨ੍ਹਾ ਨੇ ਭਾਜਪਾ ਉਮੀਦਵਾਰ ਸੀ ਐਸ ਨਿਰੰਜਨ ਕੁਮਾਰ ਨੂੰ 10877 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਜ਼ਿਕਰਯੋਗ ਹੈ ਕਿ ਨੰਜਨਗੁਡ 'ਚ ਸਾਬਕਾ ਮੰਤਰੀ ਸ੍ਰੀਨਿਵਾਸ ਪ੍ਰਸਾਦ ਦੇ ਅਸਤੀਫ਼ੇ ਕਾਰਨ ਉਪ ਚੋਣ ਕਰਵਾਈ ਗਈ ਸੀ, ਜਿਨ੍ਹਾ ਨੇ ਮੰਤਰੀ ਮੰਡਲ 'ਚੋਂ ਹਟਾਉਣ ਤੋਂ ਨਰਾਜ਼ ਹੋ ਕੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਗੁੰਡਲਪੇਟ 'ਚ ਵਿਧਾਇਕ ਐਚ ਐਸ ਮਹਾਦੇਵ ਪ੍ਰਸਾਦ ਦੀ ਮੌਤ ਕਾਰਨ ਉਪ ਚੋਣ ਕਰਾਉਣੀ ਪਈ ਸੀ। ਅਸਾਮ ਦੇ ਧੇਮਾਜੀ ਹਲਕੇ ਦੀ ਉਪ ਚੋਣ 'ਚ ਭਾਰਤੀ ਜਨਤਾ ਪਾਰਟੀ ਜੇਤੂ ਰਹੀ। ਪਾਰਟੀ ਉਮੀਦਵਾਰ ਰਨੋਜ ਪੇਂਗੂ ਨੇ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ, ਜਦਕਿ ਪੱਛਮੀ ਬੰਗਾਲ ਦੀ ਕਾਂਠੀ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਚੰਦਰਿਮਾ ਭੱਟਾਚਾਰਿਆ ਨੇ ਆਪਣੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 42 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।
ਹਲਕੇ 'ਚ ਕਾਂਗਰਸ-ਕਮਿਊਨਿਸਟ ਗੱਠਜੋੜ ਦਾ ਉਮੀਦਵਾਰ ਤੀਜੇ ਨੰਬਰ 'ਤੇ ਰਿਹਾ। ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ ਹਲਕੇ ਤੋਂ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ ਅਤੇ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਿਵ ਨਰਾਇਣ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ। ਉਨ੍ਹਾ ਨੇ ਚੋਣ 'ਚ ਕਾਂਗਰਸ ਉਮੀਦਵਾਰ ਨੂੰ ਹਰਾਇਆ। ਝਾਰਖੰਡ ਦੀ ਲਿਟੀਪਾੜਾ ਸੀਟ ਝਾਰਖੰਡ ਮੁਕਤੀ ਮੋਰਚਾ ਨੇ ਜਿੱਤ ਲਈ ਹੈ। ਇਸ ਹਲਕੇ ਤੋਂ ਪਾਰਟੀ ਉਮੀਦਵਾਰ ਸਾਇਮਨ ਮਰਾਂਡੀ ਨੇ ਭਾਜਪਾ ਦੇ ਹੇਮਲਾਲ ਮੁਰਮੂ ਨੂੰ ਹਰਾਇਆ। ਹਿਮਾਚਲ ਪ੍ਰਦੇਸ਼ ਦੀ ਭੋਰੰਜ ਸੀਟ ਭਾਜਪਾ ਦੇ ਖਾਤੇ 'ਚ ਗਈ ਹੈ। ਇਥੋਂ ਭਾਜਪਾ ਦੇ ਅਨਿਲ ਧੀਮਾਨ ਨੇ ਆਪਣੇ ਵਿਰੋਧੀ ਕਾਂਗਰਸ ਉਮੀਦਵਾਰ ਨੂੰ 8290 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਰਾਜਸਥਾਨ ਦੀ ਸੋਲਪੁਰ ਸੀਟ ਵੀ ਭਾਰਤੀ ਜਨਤਾ ਪਾਰਟੀ ਨੇ ਜਿੱਤ ਲਈ ਹੈ। ਪਾਰਟੀ ਉਮੀਦਵਾਰ ਬੀਬੀ ਸ਼ੋਭਾਰਾਣੀ ਨੇ ਕਾਂਗਰਸ ਦੇ ਬਨਵਾਰੀ ਲਾਲ ਸ਼ਰਮਾ ਨੂੰ ਕਰਾਰੀ ਹਾਰ ਦਿੱਤੀ। ਵਿਧਾਨ ਸਭਾ ਉਪ ਚੋਣ 'ਚ ਭਾਜਪਾ ਦੀ ਜਿੱਤ 'ਤੇ ਖੁਸ਼ੀ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੇਸ਼ ਦੀ ਜਨਤਾ ਭਾਜਪਾ 'ਤੇ ਭਰੋਸਾ ਪ੍ਰਗਟਾ ਰਹੀ ਹੈ, ਉਸ ਨਾਲ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ।

427 Views

e-Paper