ਵਿਸਾਖੀ ਨਹਾਉਣ ਜਾ ਰਹੇ ਸ਼ਰਧਾਲੂਆਂ ਦੀ ਟ੍ਰਾਲੀ ਪਲਟੀ; 3 ਨੇ ਦਮ ਤੋੜਿਆ, 50 ਤੋਂ ਵੱਧ ਗੰਭੀਰ ਜ਼ਖ਼ਮੀ


ਨੂਰਪੁਰ ਬੇਦੀ (ਕੁਲਬੀਰ ਕੌਰ ਪਲਹੋਰਾ/ਜਗਤਾਰ ਜੱਗੀ)
ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਕਾਹਨਪੁਰ ਖੂਹੀ ਦੇ ਨਜ਼ਦੀਕ ਟ੍ਰੈਕਟਰ-ਟਰਾਲੀ ਦੇ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਕਾਹਨਪੁਰ ਖੂਹੀ ਦੇ ਪਹਾੜੀ ਇਲਾਕੇ 'ਚੋਂ ਗੁਜ਼ਰ ਰਹੀ ਸੀ ਕਿ ਅਚਾਨਕ ਟ੍ਰਾਲੀ ਦੀ ਹੁੱਕ ਖੁੱਲ੍ਹ ਗਈ। ਇਹ ਸ਼ਰਧਾਲੂਆਂ ਨਾਲ ਭਰੀ ਟਰਾਲੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸਾਖੀ ਨਹਾਉਣ ਲਈ ਜਾ ਰਹੀ ਸੀ। ਇਸ ਦਰਦਨਾਕ ਹਾਦਸੇ 'ਚ ਸ਼ਰਧਾਲੂਆਂ ਨਾਲ ਲੱਦੀ ਇਕ ਟ੍ਰਾਲੀ ਤੇ ਟ੍ਰੈਕਟਰ ਦੇ ਅਚਾਨਕ ਪਲਟ ਜਾਣ ਕਾਰਨ ਉਸ ਵਿੱਚ ਸਵਾਰ ਕਰੀਬ 4 ਦਰਜਨ ਸ਼ਰਧਾਲੂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਦਕਿ 3 ਦੀ ਮੌਤ ਹੋ ਗਈ। ਉਕਤ ਟ੍ਰਾਲੀ 'ਚ ਕਰੀਬ 60 ਸ਼ਰਧਾਲੂ ਸਨ ਤੇ ਜਿਨ੍ਹਾਂ 'ਚ ਬੱਚੇ ਤੇ ਕੁਝ ਔਰਤਾਂ ਵੀ ਸ਼ਾਮਲ ਸਨ। ਜ਼ਖ਼ਮੀਆਂ 'ਚੋਂ 19 ਸ਼ਰਧਾਲੂਆਂ ਨੂੰ ਨੂਰਪੁਰ ਬੇਦੀ ਦੇ ਸਰਕਾਰੀ ਹਸਪਤਾਲ ਸਿੰਘਪੁਰ ਤੇ 28 ਜ਼ਖ਼ਮੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜ਼ਿਲ੍ਹਾ ਅੰਮ੍ਰਿਤਸਰ 'ਚ ਕਸਬਾ ਬਿਆਸ ਨੇੜੇ ਪੈਂਦੇ ਪਿੰਡ ਸਠਿਆਲਾ ਤੋਂ 60 ਦੇ ਕਰੀਬ ਪਿੰਡ ਵਾਸੀ ਟ੍ਰਾਲੀ 'ਚ ਸਵਾਰ ਹੋ ਕੇ ਸ੍ਰੀ ਆਨੰਦਪੁਰ ਵਿਖੇ ਵਿਸਾਖੀ ਨਹਾਉਣ ਲਈ ਰਵਾਨਾ ਹੋਏ ਸਨ, ਪਰ ਬਾਅਦ ਦੁਪਹਿਰ ਗੜ੍ਹਸ਼ੰਕਰ ਖੇਤਰ 'ਚ ਪੈਂਦੇ ਨੂਰਪੁਰ ਬੇਦੀ ਇਲਾਕੇ ਦੇ ਆਖਰੀ ਪਿੰਡ ਕਾਹਨਪੁਰ ਖੂਹੀ ਲਾਗੇ ਅਚਾਨਕ ਟ੍ਰੈਕਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਟ੍ਰਾਲੀ ਦੀ ਹੁੱਕ ਖੁੱਲ੍ਹ ਗਈ। ਟ੍ਰੈਕਟਰ ਦੇ ਚਾਲਕ ਗੁਰਸੇਵਕ ਸਿੰਘ ਅਨੁਸਾਰ ਅਚਾਨਕ ਪਹਾੜੀ ਤੋਂ ਟੁੱਟ ਕੇ ਡਿੱਗਿਆ ਪੱਥਰ ਟ੍ਰੈਕਟਰ ਦੇ ਹੇਠਾਂ ਆ ਗਿਆ, ਜਿਸ ਕਾਰਨ ਸੰਤੁਲਨ ਵਿਗੜਣ ਕਾਰਨ ਜਿੱਥੇ ਟ੍ਰੈਕਟਰ ਪਲਟ ਗਿਆ, ਉੱਥੇ ਟ੍ਰਾਲੀ ਵੀ ਹੁੱਕ ਖੁੱਲ੍ਹਣ ਕਾਰਣ ਪਲਟ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਨਜ਼ਦੀਕੀ ਚੌਕੀ ਕਲਵਾਂ ਦੀ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ, ਜਿਸ ਸਥਾਨ 'ਤੇ ਹਾਦਸਾ ਵਾਪਰਿਆ, ਉਸ ਜਗ੍ਹਾ ਦੇ ਗੜ੍ਹਸ਼ੰਕਰ ਖੇਤਰ 'ਚ ਹੋਣ ਕਾਰਨ ਕੁਝ ਹੀ ਦੇਰ ਬਾਅਦ ਉੱਥੋਂ ਦੇ ਪੁਲਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਬਚਾਅ ਕਾਰਜਾਂ 'ਚ ਜੁੱਟ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 19 ਜ਼ਖ਼ਮੀਆਂ ਨੂੰ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਹਸਪਤਾਲਾਂ ਤੋਂ ਪਹੁੰਚੀਆਂ ਐਂਬੂਲੈਂਸਾਂ ਰਾਹੀਂ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਦਾਖਲ ਕਰਵਾਇਆ ਗਿਆ ਤੇ ਜਿਨ੍ਹਾਂ 'ਚ 3 ਔਰਤਾਂ 'ਚ ਸ਼ਾਮਲ ਮਨਦੀਪ ਕੌਰ ਪਤਨੀ ਗੁਰਮੁੱਖ ਸਿੰਘ (26) ਦੀ ਸਰਕਾਰੀ ਹਸਪਤਾਲ ਸਿੰਘ ਪੁਰ ਤੇ ਸਰਵਜੀਤ ਕੌਰ (55) ਦੀ ਸਰਕਾਰੀ ਹਸਪਤਾਲ ਆਨੰਦਪੁਰ ਸਾਹਿਬ ਵਿਖੇ ਮੌਤ ਹੋ ਗਈ, ਜਦਕਿ ਘਟਨਾ ਸਥਾਨ 'ਤੇ ਮਰਨ ਵਾਲੀ ਔਰਤ ਦਾ ਨਾਂਅ ਪਤਾ ਨਹੀਂ ਚੱਲ ਸਕਿਆ। ਇਸ ਤੋਂ ਇਲਾਵਾ 2 ਗੰਭੀਰ ਹਾਲਤ ਵਾਲੇ ਜ਼ਖ਼ਮੀਂ ਮਰੀਜ਼ਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਇਸੇ ਪ੍ਰਕਾਰ ਕਰੀਬ 28 ਮਰੀਜ਼ਾਂ ਨੂੰ ਇਲਾਜ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਦਕਿ ਅੱਧਾ ਦਰਜਨ ਮਰੀਜ਼ਾਂ ਨੂੰ ਰੂਪਨਗਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਗੜ੍ਹਸ਼ੰਕਰ ਤੋਂ ਪਹੁੰਚੇ ਐੱਸ.ਡੀ.ਐੱਮ. ਐੱਚ. ਐੱਸ. ਧਾਲੀਵਾਲ ਤੇ ਡੀ.ਐੱਸ.ਪੀ. ਰਣਜੀਤ ਸਿੰਘ ਬਦੀਸਾ ਨੇ ਸਰਕਾਰੀ ਹਸਪਤਾਲ ਸਿੰਘਪੁਰ ਤੇ ਸਰਕਾਰੀ ਹਸਪਤਾਲ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਤੇ ਅਧਿਕਾਰੀਆਂ ਦੀ ਸਹਾਇਤਾ ਨਾਲ ਇਲਾਜ ਲਈ ਸਮੁੱਚੇ ਪ੍ਰਬੰਧ ਕੀਤੇ। ਡੀ.ਐੱਸ.ਪੀ. ਰਣਜੀਤ ਸਿੰਘ ਬਦੀਸ਼ਾ ਨੇ ਦੱਸਿਆ ਕਿ 3 ਸ਼ਰਧਾਲੂਆਂ ਦੀ ਮੌਤ ਹੋਈ ਹੈ । ਇਸ ਮੌਕੇ ਐੱਸ.ਡੀ.ਐੱਮ.ਆਨੰਦਪੁਰ ਸਾਹਿਬ ਰਕੇਸ਼ ਕੁਮਾਰ ਗਰਗ ਨੇ ਵੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਪਹੁੰਚ ਕੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ।
ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਅਧੀਨ ਪੈਂਦੇ ਪਿੰਡ ਸਠਿਆਲਾ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਨਹਾਉਣ ਆ ਰਹੇ ਟਰੈਕਟਰ ਟਰਾਲੀ ਦੇ ਕਾਹਨਪੁਰ ਖੂਹੀ ਲਾਗੇ ਪਲਟਣ ਕਾਰਨ ਜ਼ਖਮੀ ਹੋਏ ਕੁੱਲ 19 ਮਰੀਜ਼ਾਂ ਨੂੰ ਨੂਰਪੁਰ ਬੇਦੀ ਦੇ ਕਮਿਊਨਿਟੀ ਹੈਲਥ ਸੈਂਟਰ ਸਿੰਘਪੁਰ ਵਿਖੇ ਲਿਆਂਦਾ ਗਿਆ।ਜਿਹਨਾਂ ਵਿਚੋਂ ਇਕ ਮਨਦੀਪ ਕੌਰ (25) ਪਤਨੀ ਗੁਰਮੁੱਖ ਸਿੰਘ ਵਾਸੀ ਪਿੰਡ ਕੱਲੇਵਾਲ ਨੂੰ ਡਿਊਟੀ 'ਤੇ ਮੌਜੂਦ ਡਾਕਟਰ ਜਸਪਾਲ ਸਿੰਘ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।ਸੀਨੀਅਰ ਮੈਡੀਕਲ ਅਫਸਰ ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਹੋਰ 18 ਮਰੀਜ਼ਾਂ ਨੂੰ ਲਿਆਂਦਾ ਗਿਆ ਸੀ ਜਿਹਨਾਂ ਵਿਚੋਂ 9 ਦੇ ਗੰਭੀਰ ਸੱਟਾਂ ਹੋਣ ਕਾਰਨ ਉਹਨਾਂ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ, ਜਿਹਨਾਂ 9 ਮਰੀਜ਼ਾਂ ਨੂੰ ਰੋਪੜ ਵਿਖੇ ਐਂਬੂਲੈਂਸਾਂ ਰਾਹੀਂ ਭੇਜਿਆ ਗਿਆ ਹੈ, ਉਹਨਾਂ ਵਿਚ ਮਨਪ੍ਰੀਤ ਕੌਰ (15) ਪੁਤਰੀ ਬਿੱਟੂ ਸਿੰਘ, ਕੋਮਲ (16) ਪੁੱਤਰੀ ਗੁਰਨਾਮ ਸਿੰਘ, ਗੁਰਨਾਮ ਸਿੰਘ (51) ਪੁੱਤਰ ਮੰਗਲ ਸਿੰਘ, ਰਾਜਵੰਤ ਕੌਰ (45) ਪਤਨੀ ਗੁਰਨਾਮ ਸਿੰਘ, ਮਨਿੰਦਰਜੀਤ ਸਿੰਘ (24) ਪੁੱਤਰ ਤਜਿੰਦਰ ਸਿੰਘ, ਜਸਵੀਰ ਕੌਰ (60) ਪਤਨੀ ਦਰਸ਼ਨ ਸਿੰਘ, ਗੁਰਮੀਤ ਕੌਰ (30) ਪਤਨੀ ਬਿੱਟੂ ਸਿੰਘ, ਜੋਗਿੰਦਰ ਸਿੰਘ (60) ਸਾਰੇ ਵਾਸੀ ਸਠਿਆਲਾ (ਅੰਮ੍ਰਿਤਸਰ) ਅਤੇ ਅਤੇ ਹਰਜੋਤ ਸਿੰਘ (8) ਪੁੱਤਰ ਹੀਰਾ ਸਿੰਘ ਵਾਸੀ ਬਲਸਰਾਂ ਦੇ ਨਾਂਅ ਸ਼ਾਮਲ ਹਨ।ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਮਾਮੂਲੀ ਸੱਟਾਂ ਕਾਰਨ ਬਚਿੱਤਰ ਸਿੰਘ (22), ਬਲਕਾਰ ਸਿੰਘ, ਗੁਰਨੈਬ ਸਿੰਘ (72) ਪੁੱਤਰ ਪੂਰਨ ਸਿੰਘ, ਜਤਿੰਦਰ ਸਿੰਘ (18) ਪੁੱਤਰ ਮਨਜੀਤ ਸਿੰਘ, ਗੁਰਮੁੱਖ ਸਿੰਘ (20) ਪੁੱਤਰ ਬਲਕਾਰ ਸਿੰਘ , ਗੁਰਮੁੱਖ ਸਿੰਘ (30) ਪੁੱਤਰ ਬੀਰ ਸਿੰਘ, ਜਤਿੰਦਰ ਸਿੰਘ (21) ਪੁੱਤਰ ਬਲਕਾਰ ਸਿੰਘ, ਪਰਮਜੀਤ ਸਿੰਘ (60) ਪੁੱਤਰ ਸੂਰਤ ਸਿੰਘ, ਅਮਰਜੀਤ ਕੌਰ (45) ਪਤਨੀ ਸਤਪਾਲ ਸਿੰਘ ਅਤੇ ਅਮਰੀਕ ਕੌਰ (35) ਪਤਨੀ ਹਿੰਮਤ ਸਿੰਘ ਵਾਸੀ ਪਿੰਡ ਸਠਿਆਲਾ ਦਾਖਲ ਹਨ।ਡਾ.ਜਸਪਾਲ ਸਿੰਘ ਨੇ ਦੱਸਿਆ ਕਿ ਸਿੰਘਪੁਰ ਵਿਖੇ ਦਾਖਲ ਸਾਰੇ ਮਰੀਜ਼ ਖਤਰੇ ਤੋਂ ਬਾਹਰ ਹਨ ਅਤੇ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ।ਡਾ.ਸ਼ਿਵ ਕੁਮਾਰ ਨੇ ਦੱਸਿਆ ਕਿ ਦਾਖਲ ਮਰੀਜ਼ਾਂ ਨੂੰ ਸਿਹਤ ਵਿਭਾਗ ਵਲੋਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਇਸੇ ਦੌਰਾਨ ਦੁਰਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਰਾਕੇਸ਼ ਕੁਮਾਰ ਗਰਗ ਨੇ ਸਿੰਘਪੁਰ ਹਸਪਤਾਲ ਸਿੰਘ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੇ.ਪੀ ਰਾਣਾ ਵਲੋਂ ਮਰੀਜ਼ਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਉਣ ਦੇਣ ਦੇ ਆਦੇਸ਼ ਦਿੱਤੇ ਹਨ।ਉਹਨਾਂ ਕਿਹਾ ਕਿ ਮਰੀਜ਼ਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।ਇਸੇ ਦੌਰਾਨ ਨਾਇਬ ਤਹਿਸੀਲਦਾਰ ਹਰਮਨੋਹਰ ਸਿੰਘ ਨੇ ਵੀ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ।