ਉਮਰ ਅਬਦੁੱਲਾ ਵੱਲੋਂ ਵਿਵਾਦਤ ਬਿਆਨ


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਪਥਰਾਅ ਤੋਂ ਬਚਣ ਲਈ ਕਥਿਤ ਤੌਰ 'ਤੇ ਇੱਕ ਵਿਅਕਤੀ ਨੂੰ ਮਨੁੱਖੀ ਢਾਲ ਦੇ ਰੂਪ 'ਚ ਫ਼ੌਜ ਦੀ ਜੀਪ ਨਾਲ ਬੰਨ੍ਹਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਵਿਵਾਦ ਖੜਾ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਨੂੰ ਭੈਭੀਤ ਕਰਨ ਵਾਲਾ ਦਸਿਆ ਹੈ।
ਇਹ ਵੀਡੀਓ ਕਥਿਤ ਤੌਰ 'ਤੇ ਬਡਗਾਮ ਜ਼ਿਲ੍ਹੇ ਦੀ ਬੀਰਵਾਹ ਖੇਤਰ ਦਾ ਹੈ, ਜਿੱਥੇ ਐਤਵਾਰ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਸ੍ਰੀਨਗਰ ਲੋਕ ਸਭਾ ਉਪ ਚੋਣ ਦੌਰਾਨ ਪਥਰਾਅ ਕਰਕੇ ਚੋਣ ਪ੍ਰਕ੍ਰਿਆ 'ਚ ਰੁਕਾਵਟ ਪਾ ਦਿੱਤੀ ਸੀ। ਸੰਬੰਧਤ ਵੀਡੀਓ ਦੇ ਵਾਇਰਲ ਹੋਣ ਮਗਰੋਂ ਘਟਨਾ ਦੀ ਵੱਡੇ ਪੱਧਰ 'ਤੇ ਨਿਖੇਧੀ ਹੋ ਰਹੀ ਹੈ।
ਉਮਰ ਅਬਦੁੱਲਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੇ ਸੀ ਆਰ ਪੀ ਮੁਲਾਜ਼ਮਾਂ 'ਤੇ ਹਮਲੇ ਦਾ ਵੀਡੀਓ ਵਾਇਰਲ ਹੋਣ ਮਗਰੋਂ ਦੇਸ਼ 'ਚ ਪੈਦਾ ਗੁੱਸੇ ਨੂੰ ਉਹ ਸਮਝਦੇ ਹਨ, ਪਰ ਇਸ ਗੱਲ ਨੂੰ ਲੈ ਕੇ ਦੁਖੀ ਹਨ ਕਿ ਲੋਕਾਂ 'ਚ ਨੌਜੁਆਨ ਨੂੰ ਜੀਪ 'ਤੇ ਬੰਨ੍ਹਣ ਵਾਲੇ ਵੀਡੀਓ ਪ੍ਰਤੀ ਉਸ ਤਰ੍ਹਾਂ ਦਾ ਰੋਸ ਨਹੀਂ ਹੈ।
ਉਮਰ ਦੇ ਟਵੀਟ ਦਾ ਜੁਆਬ ਦਿੰਦਿਆਂ ਸੀ ਆਰ ਪੀ ਐਫ਼ ਨੇ ਕਿਹਾ ਹੈ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਮਰ ਨੇ ਵੀ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।