ਸ਼ਨੀ ਦੇ ਚੰਦਰਮਾ 'ਤੇ ਮਿਲੇ ਜੀਵਨ ਦੇ ਸੰਕੇਤ, ਨਾਸਾ ਵੱਲੋਂ ਪੁਸ਼ਟੀ


ਮਾਸਕੋ
(ਨਵਾਂ ਜ਼ਮਾਨਾ ਸਰਵਿਸ)
ਪ੍ਰਿਥਵੀ 'ਤੇ ਮਨੁੱਖੀ ਹੋਂਦ ਤੋਂ ਇਲਾਵਾ ਅਨੰਤ ਬ੍ਰਹਮੰਡ 'ਚ ਕਿਸੇ ਹੋਰ ਜੀਵਨ ਦੇ ਹੋਣ ਜਾਂ ਨਾ ਹੋਣ ਦੇ ਦਾਅਵੇ ਲੰਮੇ ਸਮੇਂ ਤੋਂ ਬਹਿਸ ਦਾ ਮੁੱਦਾ ਰਹੇ ਹਨ, ਪਰ ਹੁਣ ਨਾਸਾ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਹੈ ਕਿ ਪ੍ਰਿਥਵੀ ਦੇ ਹੀ ਸੋਲਰ ਸਿਸਟਮ 'ਚ ਸ਼ਨੀ ਗ੍ਰਹਿ ਦੇ ਚੰਦਰਮਾ ਐਨ ਸੇਲਡਸ 'ਤੇ ਜੀਵਨ ਹੋ ਸਕਦਾ ਹੈ। ਨਾਸਾ ਵੱਲੋਂ ਕੀਤੀ ਗਈ ਇਹ ਆਪਣੀ ਤਰ੍ਹਾਂ ਦੀ ਪਹਿਲੀ ਪੁਸ਼ਟੀ ਹੈ। ਸ਼ਨੀ ਗ੍ਰਹਿ ਬਾਰੇ ਨਾਸਾ ਦੀ ਜਾਂਚ ਮੁਹਿੰਮ ਦੌਰਾਨ ਬਰਫ਼ ਨਾਲ ਢਕੇ ਐਨ ਸੇਲਡਸ ਤੇ ਇੱਕ ਦਰਾਰ ਅੰਦਰ ਪਾਣੀ ਵਰਗੀ ਚੀਜ਼ ਦੇਖੀ ਗਈ। ਜਾਂਚ ਕਰਨ 'ਤੇ ਪਤਾ ਚਲਿਆ ਕਿ ਉਸ 'ਚ 98 ਫ਼ੀਸਦੀ ਪਾਣੀ ਹੀ ਹੈ ਅਤੇ ਬਾਕੀ ਦੋ ਫ਼ੀਸਦੀ 'ਚ ਹਾਈਡਰੋਜਨ, ਕਾਰਬਨ ਡਾਈਆਕਸਾਈਡ ਅਤੇ ਮੀਥੇਨ ਤੋਂ ਇਲਾਵਾ ਹੋਰ ਕਾਰਬਨਿਕ ਨਿਸ਼ਾਨ ਪਾਏ ਗਏ ਹਨ ਅਤੇ ਇਹ ਸਾਰੇ ਜੀਵਨ ਦੀ ਸੰਭਾਵਨਾ ਦਾ ਸੰਕੇਤ ਦਿੰਦੇ ਹਨ।
ਐਨ ਸੇਲਡਸ 'ਤੇ ਮਿਲੇ ਪਾਣੀ ਦੀ ਜਾਂਚ ਕਰਨ ਵਾਲੇ ਵਿਗਿਆਨੀ ਨੇ ਕਿਹਾ ਕਿ ਇਹ ਅਣੂ ਹਾਈਡਰੋਜਨ ਕੇਕ 'ਤੇ ਬਰਫ਼ ਜੰਮਣ ਵਾਂਗ ਹੈ। ਉਨ੍ਹਾ ਕਿਹਾ ਕਿ ਅਸੀਂ ਬੱਸ ਫਾਸਫਰਸ ਅਤੇ ਸਲਫ਼ਰ ਨਹੀਂ ਦੇਖੇ ਅਤੇ ਅਜਿਹਾ ਸ਼ਾਇਦ ਇਸ ਲਈ ਕਿ ਉਹ ਬਹੁਤ ਥੋੜ੍ਹੀ ਮਾਤਰਾ 'ਚ ਸਨ। ਉਨ੍ਹਾ ਕਿਹਾ ਕਿ ਅਗਲੀ ਜਾਂਚ 'ਚ ਜੇਕਰ ਕੁਝ ਮਿਲਦਾ ਹੈ ਤਾਂ ਅਸੀਂ ਉਥੇ ਜੀਵਨ ਦੀ ਖੋਜ ਨੂੰ ਲੈ ਕੇ ਉਤਸ਼ਾਹਿਤ ਹਾਂ।
ਨਾਸਾ ਵਿਗਿਆਨੀ ਲਿੰਡਾ ਸਪਿਲਟਰ ਨੇ ਕਿਹਾ ਕਿ ਸਾਨੂੰ ਐਨਸਲਡਸ 'ਤੇ ਜੀਵਾਂ ਦੀ ਮੌਜੂਦਗੀ ਦੇ ਸਬੂਤ ਨਹੀਂ ਮਿਲੇ ਪਰ ਇਥੇ ਜ਼ਿੰਦਗੀ ਲਈ ਜ਼ਰੂਰੀ ਦੂਜੀਆਂ ਚੀਜ਼ਾਂ ਮੌਜੂਦ ਹਨ।