ਬੰਬ ਧਮਾਕਾ; ਇੱਕ ਦੀ ਮੌਤ, 4 ਜ਼ਖਮੀ


ਗੁਰਦਾਸਪੁਰ (ਜਨਕ ਮਹਾਜਨ)
ਅੱਜ ਦੁਪਹਿਰ ਇਕ ਵਜੇ ਦੇ ਕਰੀਬ ਬੰਬ ਧਮਾਕੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਨਗਰ ਦੇ ਬਾਹਰਲੇ ਪਾਸੇ ਪਿੰਡ ਬਰਨਾਲਾ ਨੂੰ ਜਾਣ ਵਾਲੀ ਸੜਕ ਵਿਚਕਾਰ ਪੈਂਦੀ ਸੁਏ ਦੀ ਪੁਲੀ ਨੇੜੇ ਕਬਾੜੀਏ ਦੀ ਦੁਕਾਨ 'ਤੇ ਅਚਾਨਕ ਬੰਬ ਧਮਾਕਾ ਹੋਣ ਨਾਲ ਇਕ ਵਿਅਕਤੀ ਦੀ ਲੱਤ ਸਰੀਰ ਨਾਲੋਂ ਵੱਖਰੀ ਹੋਣ ਅਤੇ ਕਈ ਜ਼ਖਮ ਹੋਣ ਨਾਲ ਮੌਤ ਹੋ ਗਈ, ਜਿਸ ਦੀ ਪਹਿਚਾਣ ਹੈਪੀ ਪੁੱਤਰ ਮਾਣਾ ਮਸੀਹ ਵਾਸੀ ਧਬੂੜੀ ਵਜੋ ਹੋਈ ਹੈ, ਜਦ ਕਿ ਬਾਕੀ ਚਾਰ ਸਖਤ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾ ਦਿੱਤਾ ਗਿਆ। ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਂਿÂਨ੍ਹਾਂ ਨੂੰ ਅੱਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਸ ਸੰਬੰਧੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਵਿਜੇ ਕੁਮਾਰ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦਾ ਨਾਂਅ ਹੈਪੀ ਸੀ, ਜਦਕਿ ਸਖਤ ਜ਼ਖਮੀ ਵਿਅਕਤੀਆਂ ਦੀ ਪਹਿਚਾਣ ਵਿਜੇ ਕੁਮਾਰ, ਵਿਕਟਰ, ਸੰਜੇ ਤੇ ਤਰਸੇਮ ਵਜੋਂ ਕੀਤੀ ਗਈ। ਉਨ੍ਹਾ ਦੱਸਿਆ ਕਿ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਹਸਪਤਾਲ ਭੇਜ ਦਿੱਤਾ ਹੈ। ਸਿਵਲ ਹਸਪਤਾਲ ਵਿਚ ਪਹੁੰਚੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਉਹ ਅੱਜ ਅਚਾਨਕ ਦਾਣਾ ਮੰਡੀ ਦੀਨਾਨਗਰ ਵਿਖੇ ਕਣਕ ਦੀ ਸਰਕਾਰੀ ਖਰੀਦ ਦਾ ਜਾਇਜ਼ਾ ਲੈ ਰਹੇ ਸਨ ਤਾਂ ਉਨ੍ਹਾ ਨੂੰ ਇਸ ਮੰਦਭਾਗੀ ਘਟਨਾ ਬਾਰੇ ਸੂਚਨਾ ਮਿਲੀ, ਜਿਸ 'ਤੇ ਉਹ ਤੁਰੰਤ ਇਸ ਹਾਦਸੇ ਦੀ ਜਾਣਕਾਰੀ ਲੈਣ ਮੌਕੇ 'ਤੇ ਪੁੱਜੀ ਅਤੇ ਹਾਦਸੇ ਬਾਰੇ ਪੁੱਛਗਿੱਛ ਕੀਤੀ। ਜ਼ਖਮੀਆਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਉਪਲੱਬਧ ਕਰਾਈ। ਇਸ ਮੌਕੇ ਉਨ੍ਹਾ ਨਾਲ ਸਹਾਇਕ ਸਿਵਲ ਸਰਜਨ ਡਾਕਟਰ ਹੰਸ, ਐਮ .ਡੀ. ਐਮ ਤੇ ਏ.ਡੀ.ਸੀ ਤੋਂ ਇਲਾਵਾ ਹੋਰ ਵੀ ਅਫਸਰ ਹਾਜ਼ਰ ਸਨ। ਘਟਨਾ ਵਾਲੀ ਥਾਂ 'ਤੇ ਭਾਰੀ ਪੁਲਸ ਫੋਰਸ ਨਾਲ ਮੌਜੂਦ ਜ਼ਿਲ੍ਹਾ ਪੁਲਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਸਾਰੀ ਘਟਨਾ ਬਾਰੇ ਖੁਦ ਛਾਣਬੀਨ ਕਰ ਰਹੇ ਸਨ। ਉਨ੍ਹਾ ਦੱਸਿਆ ਕਿ ਬੰਬ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ 'ਤੇ ਹੀ ਸਹੀ ਗੱਲ ਦਾ ਪਤਾ ਚੱਲੇਗਾ। ਇਸ ਧਮਾਕੇ ਨਾਲ ਨੇੜਲੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲਿਆ।