ਕੁਲਭੂਸ਼ਨ ਮਾਮਲੇ ਤੋਂ ਨਰਾਜ਼ ਭਾਰਤ ਵੱਲੋਂ ਪਾਕਿ ਨਾਲ ਹਰ ਤਰ੍ਹਾਂ ਦੀ ਗੱਲਬਾਤ ਬੰਦ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ 'ਚ ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਨੇ ਆਪਣੇ ਗੁਵਾਂਢੀ ਮੁਲਕ ਨਾਲ ਹਰ ਪੱਧਰ ਦੀ ਗੱਲਬਾਤ ਬੰਦ ਕਰ ਦਿੱਤੀ ਹੈ। ਸਰਕਾਰ ਨੇ ਇਸ ਮਾਮਲੇ 'ਚ ਸਖ਼ਤੀ ਦਿਖਾਉਂਦਿਆਂ ਭਾਰਤੀ ਤੱਟ ਰੱਖਿਅਕ ਦੇ ਡੀ ਜੀ ਅਤੇ ਪਾਕਿਸਤਾਨ ਦੇ ਮੈਰੀਟਾਈਮ ਸਕਿਊਰਟੀ ਏਜੰਸੀ ਨਾਲ 17 ਅਪ੍ਰੈਲ ਨੂੰ ਹੋਣ ਵਾਲੀ ਗੱਲਬਾਤ ਨੂੰ ਟਾਲ ਦਿੱਤਾ ਹੈ।
ਇਸ ਗੱਲਬਾਤ ਲਈ ਪਾਕਿਸਤਾਨ ਮੈਰੀਟਾਈਮ ਏਜੰਸੀ ਦੇ ਡੀ ਜੀ ਰੀਅਰ ਐਡਮਿਰਲ ਜਾਮਿਲ ਅਖਤਰ 16 ਤੋਂ 19 ਅਪ੍ਰੈਲ ਤੱਕ ਨਵੀਂ ਦਿੱਲੀ ਆਉਣ ਵਾਲੇ ਸਨ। ਸਰਕਾਰੀ ਸੂਤਰਾਂ ਅਨੁਸਾਰ ਪਾਕਿਸਤਾਨੀ ਧਿਰ ਨੂੰ ਗੱਲਬਾਤ ਮੁਲਤਵੀ ਕਰਨ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਗੱਲਬਾਤ ਦੀ ਨਵੀਂ ਤਰੀਕ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਪਾਕਿਸਤਾਨ ਵੱਲੋਂ ਅਪ੍ਰੈਲ ਦੇ ਅੰਤ ਤੱਕ ਗੱਲਬਾਤ ਦਾ ਪ੍ਰਸਤਾਵ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਕੈਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨ ਨੇ ਕੁਲਭੂਸ਼ਨ ਨੂੰ ਜਾਸੂਸੀ ਦੇ ਰੂਪ 'ਚ ਦੋਸ਼ੀ ਠਹਿਰਾਇਆ ਹੈ। ਭਾਰਤ ਮੁਤਾਬਕ ਕੁਲਭੂਸ਼ਣ ਇੱਕ ਵਪਾਰੀ ਹੈ, ਜਦਕਿ ਪਾਕਿਸਤਾਨ ਵੱਲੋਂ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਨ ਨੂੰ ਰਾਅ ਦਾ ਏਜੰਟ ਦਸਿਆ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਕੁਲਭੂਸ਼ਨ ਨੂੰ ਪਿਛਲੇ ਸਾਲ 3 ਮਾਰਚ ਨੂੰ ਬਲੋਚਿਸਤਾਨ ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਭਾਰਤ ਦਾ ਦਾਅਵਾ ਹੈ ਕਿ ਕੁਲਭੂਸ਼ਨ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ 'ਚ ਗੁੱਸਾ ਦੇਖਿਆ ਜਾ ਰਿਹਾ ਹੈ। ਭਾਰਤ 'ਚ ਇਹ ਮੁੱਦਾ ਸੰਸਦ ਤੋਂ ਲੈ ਕੇ ਸੜਕਾਂ ਤੱਕ ਗੂੰਜ ਰਿਹਾ ਹੈ। Îਭਾਰਤ ਇਸ ਸੰਬੰਧ 'ਚ ਪਾਕਿਸਤਾਨ ਨਾਲ 14 ਵਾਰੀ ਸੰਪਰਕ ਕਰ ਚੁੱਕਾ ਹੈ, ਜਿਸ ਦਾ ਪਾਕਿਸਤਾਨ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ ਹੈ।
ਭਾਰਤ ਵੱਲੋਂ ਲਏ ਗਏ ਇਸ ਫ਼ੈਸਲੇ ਮਗਰੋਂ ਹੁਣ ਦੋਹਾਂ ਦੇਸ਼ਾਂ ਵਿਚਕਾਰ ਸਮੁੰਦਰੀ ਸੁਰੱਖਿਆ ਨੂੰ ਲੈ ਕੇ 17 ਅਪ੍ਰੈਲ ਨੂੰ ਹੋਣ ਵਾਲੀ ਗੱਲਬਾਤ ਵੀ ਨਹੀਂ ਹੋਵੇਗੀ। ਭਾਰਤ ਦੇ ਆਪਣੇ ਫ਼ੈਸਲੇ ਦੀ ਜਾਣਕਾਰੀ ਪਾਕਿਸਤਾਨ ਸਰਕਾਰ ਨੂੰ ਵੀ ਦਿੱਤੀ ਹੈ। ਸੂਤਰਾਂ ਅਨੁਸਾਰ ਭਾਰਤ ਨੇ ਸਾਫ਼ ਸ਼ਬਦਾਂ 'ਚ ਕਿਹਾ ਹੈ ਕਿ ਉਹ ਪਾਕਿਸਤਾਨ ਮੈਰੀਟਾਈਮ ਸਕਿਉਰਟੀ ਏਜੰਸੀ ਦੇ ਵਫ਼ਦ ਦੀ ਮੇਜ਼ਬਾਨੀ ਲਈ ਤਿਆਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਨੇ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨਾਲ ਮੁਲਾਕਾਤ ਕਰਕੇ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਦੀ ਆਗਿਆ ਮੰਗੀ ਸੀ, ਪਰ ਪਾਕਿਸਤਾਨ ਨੇ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਸੀ। ਪਾਕਿਸਤਾਨ ਹਾਈ ਕਮਿਸ਼ਨ ਦੇ ਤਰਜਮਾਨ ਖਵਾਜ ਮਾਜ ਤਾਰਿਕ ਨੇ ਕਿਹਾ ਕਿ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਨੂੰ ਦਸਿਆ ਹੈ ਕਿ ਦਿੱਲੀ 'ਚ ਹੋਣ ਵਾਲੀ ਮੈਰੀ ਟਾਈਮ ਸਕਿਉਰਟੀ ਏਜੰਸੀ ਦੀ ਮੀਟਿੰਗ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਕਾਰ ਸਿੰਧ ਜਲ ਸੰਧੀ 'ਤੇ ਹੋਣ ਵਾਲੀ ਗੱਲਬਾਤ ਵੀ ਰੋਕ ਦਿੱਤੀ ਗਈ ਸੀ। ਇਸ ਤੋਂ ਇਲਾਵਾ ਭਾਰਤ ਦੀ ਮਰਦਾਂ ਦੀ ਹਾਕੀ ਟੀਮ ਨੇ ਮਲੇਸ਼ੀਆ 'ਚ ਹੋਣ ਵਾਲੇ ਸੁਲਤਾਨ ਜੋਹਰੋ ਕਪ 'ਚ ਪਾਕਿਸਤਾਨ ਨਾਲ ਨਾ ਖੇਡਣ ਦੀ ਗੱਲ ਆਖਦਿਆਂ ਟੂਰਨਾਮੈਂਟ ਤੋਂ ਹਟ ਜਾਣ ਦੀ ਗੱਲ ਆਖੀ ਹੈ।
ਇਸ ਤੋਂ ਪਹਿਲਾਂ ਉੜੀ 'ਚ ਫ਼ੌਜ ਦੇ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਮਗਰੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਬੰਧਾਂ 'ਚ ਜ਼ਬਰਦਸਤ ਗਿਰਾਵਟ ਆਈ ਸੀ।