ਪੰਜਾਬ ਤੱਕ ਪਹੁੰਚਿਆ ਵਿਦਿਆਰਥੀ ਅੰਦੋਲਨ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੀਤੇ ਗਏ ਫ਼ੀਸ ਵਾਧੇ ਤੇ ਇਸ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਹੋਏ ਲਾਠੀਚਾਰਜ ਤੋਂ ਬਾਅਦ ਵੀ ਮਾਮਲਾ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ। ਫ਼ੀਸ ਵਾਧੇ ਨੂੰ ਲੈ ਕੇ ਯੂਨੀਵਰਸਿਟੀ ਤੋਂ ਪੈਦਾ ਹੋਇਆ ਅੰਦੋਲਨ ਹੁਣ ਪੰਜਾਬ ਵਿੱਚ ਵੀ ਫੈਲ ਗਿਆ ਹੈ।
ਇਸ ਤਹਿਤ 19 ਅਪ੍ਰੈਲ ਨੂੰ ਪੰਜਾਬ ਦੇ ਜ਼ਿਲ੍ਹਾ ਪੱਧਰ ਉੱਤੇ ਫ਼ੀਸ ਵਾਧੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫ਼ੈਸਲਾ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸਮੂਹਿਕ ਤੌਰ ਉੱਤੇ ਲਿਆ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਪੈਦਾ ਹੋਈ ਟਕਰਾਅ ਵਾਲੀ ਸਥਿਤੀ ਦੇ ਮੱਦੇਨਜ਼ਰ ਅੱਜ ਪੰਜਾਬ ਦੀਆਂ ਵੱਖ-ਵੱਖ 41 ਧਿਰਾਂ ਨੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨਾਲ ਮੁਲਾਕਾਤ ਕੀਤੀ ਤੇ ਫ਼ੀਸ ਘਟਾਉਣ ਦੀ ਅਪੀਲ ਕੀਤੀ।
ਜਥੇਬੰਦੀਆਂ ਨੇ ਵੀ.ਸੀ. ਅੱਗੇ ਦਲੀਲਾਂ ਦਿੱਤੀਆਂ ਕਿ ਜੇਕਰ ਫ਼ੀਸ ਵਾਧੇ ਦਾ ਫ਼ੈਸਲਾ ਵਾਪਸ ਨਹੀਂ ਲਿਆ ਗਿਆ ਤਾਂ ਇਸ ਨਾਲ ਵਿਦਿਆਰਥੀਆਂ ਦੇ ਭਵਿੱਖ ਉੱਤੇ ਮਾੜਾ ਅਸਰ ਪਵੇਗਾ। ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨੇ ਆਖਿਆ ਕਿ ਯੂਨੀਵਰਸਿਟੀ ਦਾ ਫ਼ੀਸ ਵਾਧੇ ਦਾ ਫ਼ੈਸਲਾ ਵਿਦਿਆਰਥੀ ਮਾਰੂ ਹੈ। ਇਸ ਲਈ ਇਸ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਵੀ.ਸੀ. ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਪੁਲਸ ਦੇ ਐਸ ਐਸ ਪੀ ਈਸ਼ਾ ਸਹਿਗਲ ਨਾਲ ਵੀ ਮੁਲਾਕਾਤ ਕੀਤੀ ਗਈ।