ਸੁਪਰੀਮ ਕੋਰਟ ਵੱਲੋਂ ਸਹਾਰਾ ਦੀ ਐਂਬੀ ਵੈਲੀ ਦੀ ਨਿਲਾਮੀ ਦਾ ਹੁਕਮ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸਹਾਰਾ ਮੁਖੀ ਸੁਬਰਤੋ ਰਾਏ ਨੂੰ ਵੱਡਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਮਹਾਰਾਸ਼ਟਰ ਦੇ ਐਂਬੀ ਵੈਲੀ ਸਿਟੀ ਨੂੰ ਨਿਲਾਮ ਕਰਨ ਦਾ ਹੁਕਮ ਦਿੱਤਾ ਹੈ, ਕਿਉਂਕਿ ਸਹਾਰਾ ਮੁਖੀ 13 ਅਪ੍ਰੈਲ ਤੱਕ ਸੇਬੀ ਕੋਲ 5092 ਕਰੋੜ ਰੁਪਏ ਜਮ੍ਹਾਂ ਨਹੀਂ ਕਰਵਾ ਸਕੇ ਸਨ। ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਪੈਸਾ ਜਮ੍ਹਾਂ ਕਰਵਾਉਣ ਲਈ ਬਹੁਤ ਸਮਾਂ ਦਿੱਤਾ ਗਿਆ ਹੈ ਅਤੇ ਜੇ ਤੁਸੀਂ ਪੈਸਾ ਨਹੀਂ ਦੇ ਰਹੇ ਤਾਂ ਜੇਲ੍ਹ ਜਾਉ ਅਤੇ ਇਸ ਦੇ ਨਾਲ ਹੀ ਸੁਬਰਤੋ ਰਾਏ ਨੂੰ 27 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿੱਤਾ। ਅਦਾਲਤ ਨੇ ਕਿਹਾ ਕਿ ਉਸੇ ਦਿਨ ਸਹਾਰਾ ਮੁਖੀ ਨੂੰ ਜੇਲ੍ਹ ਭੇਜਣ ਜਾਂ ਜ਼ਮਾਨਤ ਦੇਣ ਬਾਰੇ ਵਿਚਾਰ ਕੀਤਾ ਜਾਵੇਗਾ। ਅਦਾਲਤ ਨੇ ਸਹਾਰਾ ਮੁਖੀ ਨੂੰ ਸਾਫ਼ ਸ਼ਬਦਾਂ 'ਚ ਕਿਹਾ ਕਿ ਜੇ ਅਜ਼ਾਦੀ ਚਾਹੀਦੀ ਹੈ ਤਾਂ ਪੈਸੇ ਦਿਉ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੇ ਆਫ਼ੀਸਰ ਲਿਕਵੀਡੇਟਰ ਨੂੰ ਜਾਇਦਾਦ ਦੇ ਅਨੁਮਾਨ ਅਤੇ ਨਿਲਾਮੀ ਦੀ ਪ੍ਰਕ੍ਰਿਆ ਸ਼ੁਰੂ ਕਰਨ ਦਾ ਹੁਕਮ ਦਿੱਤਾ ਅਤੇ ਸਹਾਰਾ ਮੁਖੀ ਨੂੰ ਜਾਇਦਾਦ ਦਾ ਵੇਰਵਾ 48 ਘੰਟਿਆਂ 'ਚ ਆਫ਼ੀਸਰ ਲਿਕਵੀਡੇਟਰ ਨੂੰ ਸੌਂਪਣ ਨੂੰ ਕਿਹਾ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦਾ ਆਫ਼ੀਸਰ ਲਿਕਵੀਡੇਟਰ ਸਿੱਧੇ ਤੌਰ 'ਤੇ ਸੁਪਰੀਮ ਕੋਰਟ ਨੂੰ ਰਿਪੋਰਟ ਕਰੇਗਾ। ਇਸ ਤੋਂ ਪਹਿਲਾਂ ਸਹਾਰਾ ਵੱਲੋਂ ਕਿਹਾ ਗਿਆ ਕਿ 24 ਮਈ ਨੂੰ ਨਿਊਯਾਰਕ ਅਤੇ ਬਰਤਾਨੀਆ ਦੇ ਹੋਟਲ ਨੂੰ ਵੇਚਣ 'ਤੇ ਪੈਸਾ ਆ ਜਾਵੇਗਾ, ਜਿਹੜਾ ਸਿੱਧਾ ਸੇਬੀ ਦੇ ਖਾਤੇ 'ਚ ਜਾਵੇਗਾ। ਜ਼ਿਕਰਯੋਗ ਹੈ ਕਿ ਸੇਬੀ ਸਹਾਰਾ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਰਾਏ ਨੂੰ ਪਹਿਲਾਂ ਵੀ ਰਾਹਤ ਨਹੀਂ ਮਿਲੀ ਸੀ ਅਤੇ ਸੁਪਰੀਮ ਕੋਰਟ ਨੇ ਸਹਾਰਾ ਮੁਖੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇ ਮਿੱਥੇ ਸਮੇਂ 'ਤੇ ਪੈਸਾ ਜਮ੍ਹਾਂ ਨਾ ਕੀਤੇ ਗਏ ਤਾਂ ਸਹਾਰਾ ਦੇ ਐਂਬੀ ਵੈਲੀ ਪ੍ਰਾਜੈਕਟ ਦੀ ਨਿਲਾਮੀ ਕਰ ਦਿੱਤੀ ਜਾਵੇਗੀ। ਅਦਾਲਤ ਨੇ ਕਿਹਾ ਕਿ ਹੁਣ ਪੈਸੇ ਜਮ੍ਹਾਂ ਕਰਾਉਣ ਦੀ ਮਿਤੀ ਨਹੀਂ ਵਧਾਈ ਜਾਵੇਗੀ। ਸਹਾਰਾ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਸੀ ਕਿ 13 ਅਪ੍ਰੈਲ ਤੱਕ ਸੇਬੀ ਸਹਾਰਾ ਖਾਤੇ 'ਚ 5092 ਕਰੋੜ ਰੁਪਏ ਜਮ੍ਹਾਂ ਕਰਾਉਣ ਦੀ ਮਿਤੀ ਵਧਾ ਦਿੱਤੀ ਜਾਵੇ। ਸਹਾਰਾ ਨੇ ਅਦਾਲਤ 'ਚ ਕਿਹਾ ਸੀ ਕਿ ਜਾਇਦਾਦ ਦੀ ਵਿਕਰੀ ਦੀ ਪ੍ਰਕ੍ਰਿਆ ਚੱਲ ਰਹੀ ਹੈ, ਪਰ ਪੈਸੇ ਜਮ੍ਹਾਂ ਕਰਾਉਣ ਲਈ ਹੋਰ ਸਮਾਂ ਦਿੱਤਾ ਜਾਵੇ। ਸੁਪਰੀਮ ਕੋਰਟ ਨੇ ਨਿਊਯਾਰਕ ਦੇ ਹੋਟਲ ਨੂੰ ਖ਼ਰੀਦਣ ਦੀ ਪੇਸ਼ਕਸ਼ ਕਰਨ ਵਾਲੇ ਚੇਨਈ ਦੇ ਪ੍ਰਕਾਸ਼ ਸੁਆਮੀ ਨੂੰ 10 ਕਰੋੜ ਰੁਪਏ ਸੇਬੀ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਪ੍ਰਕਾਸ਼ ਸੁਆਮੀ ਨੂੰ ਮੰਗਲਵਾਰ ਤੱਕ ਆਰ ਪੀ ਓ ਕੋਲ ਪਾਸਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਨੇ ਪ੍ਰਕਾਸ਼ ਸੁਆਮੀ ਨੂੰ ਵੀ 27 ਅਪ੍ਰੈਲ ਨੂੰ ਅਦਾਲਤ 'ਚ ਤਲਬ ਕੀਤਾ ਹੈ ਅਤੇ ਚੇਨਈ ਦੇ ਡੀ ਸੀ ਪੀ ਨੂੰ ਪ੍ਰਕਾਸ਼ ਸੁਆਮੀ ਦੀ ਹਾਜ਼ਰੀ ਅਦਾਲਤ 'ਚ ਯਕੀਨੀ ਬਣਾਉਣ ਲਈ ਕਿਹਾ ਹੈ। ਪ੍ਰਕਾਸ਼ ਸੁਆਮੀ ਨੇ ਸੁਪਰੀਮ ਕੋਰਟ 'ਚ ਇੱਕ ਅਮਰੀਕੀ ਕੰਪਨੀ ਵੱਲੋਂ ਹਲਫ਼ਨਾਮਾ ਦਾਖ਼ਲ ਕਰਕੇ ਨਿਊਯਾਰਕ ਦਾ ਹੋਟਲ ਖ਼ਰੀਦਣ ਦੀ ਗੱਲ ਕੀਤੀ ਸੀ ਅਤੇ 750 ਕਰੋੜ ਰੁਪਏ ਜਮ੍ਹਾਂ ਕਰਾਉਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਉਨ੍ਹਾ ਕਿਹਾ ਕਿ ਇਹ ਸੌਦਾ ਨਹੀਂ ਹੋ ਸਕਦਾ।