ਜਾਧਵ ਦੀ ਰਿਹਾਈ ਲਈ ਹਾਈ ਕੋਰਟ 'ਚ ਪਟੀਸ਼ਨ ਦਾਖਲ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੀ ਜੇਲ੍ਹ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਰਿਹਾਈ ਕਰਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਹਾਈ ਕੋਰਟ 'ਚ ਇੱਕ ਜਨਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਪਟੀਸ਼ਨ 'ਚ ਜਾਧਵ ਦੀ ਤੁਰੰਤ ਰਿਹਾਈ ਲਈ ਕਾਨੂੰਨੀ ਸਲਾਹ ਮੁਹੱਈਆ ਕਰਾਉਣ ਲਈ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ 'ਚ ਕੇਂਦਰ ਸਰਕਾਰ ਨੂੰ ਕੁਲਭੂਸ਼ਨ ਦਾ ਮਾਮਲਾ ਕੌਮਾਂਤਰੀ ਕੋਰਟ ਆਫ ਜਸਟਿਸ ਦੇ ਸਾਹਮਣੇ ਉਠਾਉਣ ਦਾ ਹੁਕਮ ਦਿੱਤੇ ਜਾਣ ਦੀ ਮੰਗ ਵੀ ਸ਼ਾਮਲ ਹੈ। ਸਮਾਜਿਕ ਕਾਰਕੁਨ ਰਾਹੁਲ ਸ਼ਰਮਾ ਨੇ ਇਸ ਤੋਂ ਇਲਾਵਾ ਕੁਲਭੂਸ਼ਨ ਦੀ ਸੁਰੱਖਿਆ ਪਾਕਿਸਤਾਨ 'ਚ ਯਕੀਨੀ ਬਣਾਏ ਜਾਣ ਦੀ ਮੰਗ ਵੀ ਕੀਤੀ ਹੈ।
ਪਟੀਸ਼ਨ 'ਚ ਵਿਦੇਸ਼ੀਆਂ ਨੂੰ ਬੰਧਕ ਬਣਾਉਣ, ਅਗਵਾ ਕਰਨ ਜਾਂ ਝੂਠੇ ਮੁਕੱਦਮਿਆਂ 'ਚ ਜੇਲ੍ਹਾਂ 'ਚ ਬੰਦ ਭਾਰਤੀ ਨਾਗਰਿਕਾਂ ਦੀ ਰਿਹਾਈ ਲਈ ਵਿਦੇਸ਼ ਮੰਤਰਾਲੇ ਤੋਂ ਨੀਤੀ ਬਣਾਉਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ 2015 ਦੀ ਦਾਇਰ ਆਰ ਟੀ ਆਈ 'ਚ ਵਿਦੇਸ਼ ਮੰਤਰਾਲੇ ਨੇ ਮੰਨਿਆ ਸੀ ਕਿ ਅਜਿਹੇ ਭਾਰਤੀ ਨਾਗਰਿਕਾਂ ਲਈ ਕੋਈ ਪ੍ਰੋਟੈਕਸ਼ਨ ਨਹੀਂ ਹੈ।