ਗਿਆਨੀ ਗੁਰਮੁੱਖ ਸਿੰਘ ਤੋਂ ਖੁੱਸ ਸਕਦੀ ਹੈ ਜਥੇਦਾਰੀ, ਅੰਤਰਿੰਗ ਕਮੇਟੀ ਦੀ ਮੀਟਿੰਗ ਅੱਜ


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵੱਲੋਂ ਸਿਰਸਾ ਦੇ ਡੇਰਾ ਮੁਖੀ ਦੇ ਮੁਆਫੀਨਾਮੇ ਦੇ ਅਕਾਲ ਤਖਤ ਸਾਹਿਬ 'ਤੇ ਪੁੱਜਣ ਦਾ ਅਸਲੀ ਭੇਦ ਖੋਲ੍ਹਣ ਉਪਰੰਤ ਉਹਨਾਂ ਨੂੰ ਜਥੇਦਾਰੀ ਤੋਂ ਅੱਜ 21 ਅਪ੍ਰੈਲ ਨੂੰ ਹੋਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਵਿਹਲੇ ਕਰਨ ਲਈ ਲੱਗਭੱਗ ਰਸਤਾ ਸਾਫ ਹੋ ਗਿਆ ਹੈ ਤੇ ਉਹਨਾਂ ਦੀ ਥਾਂ 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲਿਆਂ ਨੂੰ ਲਗਾਏ ਜਾਣ ਦੀ ਸੰਭਾਵਨਾ ਹੈ।
ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਗਿਆਨੀ ਗੁਰਮੁੱਖ ਸਿੰਘ ਨੂੰ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਵਿਹਲਿਆਂ ਕੀਤਾ ਜਾ ਸਕਦਾ ਹੈ ਤੇ ਉਹਨਾਂ ਦੀ ਜਗ੍ਹਾ 'ਤੇ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ ਤੇ ਗਿਆਨੀ ਮਾਨ ਸਿੰਘ ਵਿੱਚੋਂ ਕਿਸੇ ਇੱਕ ਨੂੰ ਜਥੇਦਾਰ ਲਾਇਆ ਜਾ ਸਕਦਾ ਹੈ। ਇਸੇ ਤਰ੍ਹਾ ਚਰਚਾ ਇਹ ਵੀ ਪਾਈ ਜਾ ਰਹੀ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੀ ਸਿਹਤ ਠੀਕ ਨਾ ਹੋਣ ਕਾਰਨ ਉਹਨਾਂ ਦੀ ਵੀ ਛੁੱਟੀ ਕੀਤੀ ਜਾ ਸਕਦੀ ਹੈ ਤੇ ਉਹਨਾਂ ਦੀ ਥਾਂ 'ਤੇ ਵੀ ਕੋਈ ਨਵਾਂ ਜਥੇਦਾਰ ਲਗਾਇਆ ਜਾ ਸਕਦਾ ਹੈ।