ਕਸ਼ਮੀਰ ਦੇ ਪੱਥਰਬਾਜ਼ਾਂ ਨੂੰ ਗੁਲੇਲਬਾਜ਼ਾਂ ਦੀ ਚੇਤਾਵਨੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੇ ਸਵਰਗ ਨੂੰ ਨਰਕ ਬਣਾ ਰਹੇ ਪੱਥਰਬਾਜ਼ਾਂ ਨੂੰ ਮੱਧ ਪ੍ਰਦੇਸ਼ ਦੇ ਗੁਲੇਲਬਾਜ਼ਾਂ ਨੇ ਖੁੱਲ੍ਹੀ ਚੇਤਾਵਨੀ ਦਿੱਤੀ ਹੈ। ਗੁਲੇਲਬਾਜ਼ੀ 'ਚ ਮੁਹਾਰਤ ਹਾਸਲ ਆਦਿਵਾਸੀ ਗਰੁੱਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਕਸ਼ਮੀਰ ਦੇ ਪੱਥਰਬਾਜ਼ਾਂ ਨਾਲ ਸਿੱਝਣ ਦਾ ਮੌਕਾ ਦਿੱਤਾ ਜਾਵੇ।
ਕਸ਼ਮੀਰ ਦੀ ਫਿਜ਼ਾ ਨੂੰ ਪਲੀਤਾ ਲਗਾ ਰਹੀਆਂ ਪੱਥਰਬਾਜ਼ਾਂ ਦੀਆਂ ਹਿੰਸਕ ਘਟਨਾਵਾਂ ਅਤੇ ਇਸ ਨਾਲ ਫ਼ੌਜੀ ਜਵਾਨਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਇਹ ਆਦਿਵਾਸੀ ਬਹੁਤ ਹੀ ਦੁਖੀ ਹਨ। ਇੱਕ ਨੌਜਵਾਨ ਆਦੀਵਾਸੀ ਨੇ ਕਿਹਾ ਕਿ ਉਹ ਪੱਥਰਬਾਜ਼ਾਂ ਨੂੰ ਢੁੱਕਵਾਂ ਜਵਾਬ ਦੇ ਸਕਦੇ ਹਨ, ਪੱਥਰ ਦਾ ਜਵਾਬ ਪੱਥਰ ਨਾਲ ਅਤੇ ਉਹ ਵੀ ਉਨ੍ਹਾਂ ਤੋਂ ਤੇਜ਼ ਅਤੇ ਦੂਰ ਸੁੱਟ ਕੇ।
ਇਹ ਆਦੀਵਾਸੀ ਪੱਥਰ ਸੁੱਟਣ ਲਈ ਗੁਲੇਲ ਦੀ ਵਰਤੋਂ ਕਰਦੇ ਹਨ। ਇਸ ਗੁਲੇਲ ਨਾਲ ਪੱਥਰ ਦੂਰ ਤੱਕ ਅਤੇ ਤੇਜ਼ ਗਤੀ ਨਾਲ ਸੁੱਟਿਆ ਜਾ ਸਕਦਾ ਹੈ। ਇਹਨਾਂ 'ਚ ਕਈ ਆਦਿਵਾਸੀ ਨੌਜਵਾਨ ਤਾਂ ਏਨੇ ਮਾਹਰ ਹਨ ਕਿ ਉਹ 50 ਮੀਟਰ ਦੀ ਦੂਰੀ ਤੱਕ ਪੱਥਰ ਸੁੱਟਣ ਦੀ ਸਮਰੱਥਾ ਰੱਖਦੇ ਹਨ। ਕਸ਼ਮੀਰ 'ਚ ਹੋ ਰਹੀਆਂ ਗਤੀਵਿਧੀਆਂ ਤੋਂ ਇਹ ਨੌਜਵਾਨ ਵੀ ਵਾਕਿਫ਼ ਹਨ। ਉਨ੍ਹਾ ਦਾ ਕਹਿਣਾ ਹੈ ਕਿ ਜਦੋਂ ਫ਼ੌਜ ਉਪਰ ਪੱਥਰ ਸੁੱਟੇ ਜਾਂਦੇ ਹਨ ਤਾਂ ਉਨ੍ਹਾਂ ਦਾ ਖ਼ੂਨ ਖੌਲ ਜਾਂਦਾ ਹੈ।