ਕੱਟੜਪੰਥੀਆਂ ਦੀ ਕਰਤੂਤ ਰਾਜਸਥਾਨ 'ਚ ਕਸ਼ਮੀਰੀ ਵਿਦਿਆਰਥੀ ਕੁੱਟੇ, ਮੇਰਠ 'ਚ ਵੀ ਲੱਗੇ ਜ਼ਹਿਰੀਲੇ ਹੋਰਡਿੰਗ


ਮੇਰਠ/ਚਿਤੌੜਗੜ੍ਹ (ਨਵਾਂ ਜ਼ਮਾਨਾ ਸਰਵਿਸ)
ਭਗਵੇਂਕਰਨ ਦੀ ਸਿਆਸਤ ਹੇਠ ਚੱਲ ਰਹੇ ਧਰੁਵੀਕਰਨ ਦੇ ਦੌਰ ਹੇਠ ਹੁਣ ਕਸ਼ਮੀਰੀ ਵਿਦਿਆਰਥੀਆਂ ਨੂੰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਜਸਥਾਨ ਦੇ ਚਿਤੌੜਗੜ੍ਹ 'ਚ ਮੇਵਾੜ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਦੀ ਕੁਝ ਸਥਾਨਕ ਲੋਕਾਂ ਨੇ ਕੁੱਟਮਾਰ ਕੀਤੀ ਹੈ, ਜਿਸ ਵਿੱਚ 6 ਵਿਦਿਆਰਥੀ ਜ਼ਖਮੀ ਹੋ ਗਏ ਹਨ। ਦੂਸਰੇ ਪਾਸੇ ਯੂ ਪੀ ਦੇ ਮੇਰਠ 'ਚ ਕਸ਼ਮੀਰੀ ਵਿਦਿਆਰਥੀਆਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਪੋਸਟਰ ਲਗਾ ਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਮੇਰਠ ਛੱਡਣ ਦੀ ਚਿਤਾਵਨੀ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਇਸ ਮਾਮਲੇ 'ਚ ਗੰਭੀਰਤਾ ਨਾਲ ਲੈਂਦਿਆਂ ਰਾਜ ਸਰਕਾਰਾਂ ਨੂੰ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ 'ਤੇ ਕਿਹਾ ਕਿ ਉਨ੍ਹਾਂ ਗ੍ਰਹਿ ਸਕੱਤਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ। ਨਾਲ ਹੀ ਉਨ੍ਹਾ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਸੂਬੇ 'ਚ ਅਜਿਹੀਆਂ ਘਟਨਾਵਾਂ ਨਾ ਹੋਣ। ਕਸ਼ਮੀਰੀ ਵੀ ਭਾਰਤ ਦੇ ਹੀ ਨਾਗਰਿਕ ਹਨ ਅਤੇ ਰਾਸ਼ਟਰੀ ਸੁਰੱਖਿਆ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ।
ਚਿਤੌੜਗੜ੍ਹ 'ਚ ਬੁੱਧਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਮੇਵਾੜ ਯੂਨੀਵਰਸਿਟੀ ਦੇ ਕੁਝ ਕਸ਼ਮੀਰੀ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ 'ਚ ਤਕਰਾਰ ਹੋ ਗਈ। ਕਸ਼ਮੀਰ 'ਚ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਅਤੇ ਬਡਗਾਂÎਵ 'ਚ ਸੀ ਆਰ ਪੀ ਜਵਾਨਾਂ ਨਾਲ ਬਦਸਲੂਕੀ ਦੇ ਹਾਲ ਹੀ ਵਿੱਚ ਵਾਇਰਲ ਹੋਏ ਵੀਡੀਓ ਨੂੰ ਲੈ ਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਵੀ 'ਪੱਥਰਬਾਜ਼' ਕਹੇ ਜਾਣ 'ਤੇ ਇਹ ਤਕਰਾਰ ਸ਼ੁਰੂ ਹੋਇਆ।
ਕਸ਼ਮੀਰੀ ਵਿਦਿਆਰਥੀਆਂ ਵੱਲੋਂ ਦਰਜ ਕਰਵਾਈ ਐੱÎਫ ਆਈ ਆਰ 'ਚ ਕਿਹਾ ਗਿਆ ਹੈ ਕਿ ਉਹ ਖਰੀਦਦਾਰੀ ਲਈ ਨਿਕਲੇ ਸਨ ਤਾਂ ਕੁਝ ਅਣਜਾਣੇ ਵਿਅਕਤੀ ਉਨ੍ਹਾਂ 'ਤੇ ਟਿੱਪਣੀਆਂ ਕਰਨ ਲੱਗੇ। ਵਿਦਿਆਰਥੀਆਂ ਮੁਤਾਬਿਕ ਇਮਤਿਹਾਨਾਂ ਦੇ ਸਮੇਂ ਉਹ ਨਹੀਂ ਚਾਹੁੰਦੇ ਕਿ ਮਾਮਲਾ ਤੂਲ ਪਕੜੇ। ਇੱਕ ਕਸ਼ਮੀਰੀ ਵਿਦਿਆਰਥੀ ਨੇ ਆਪਣਾ ਨਾਂਅ ਨਾ ਜ਼ਾਹਿਰ ਕਰਨ ਲਈ ਆਖਦਿਆਂ ਕਿਹਾ ਕਿ ਅਸੀਂ ਕੁਝ ਸਾਮਾਨ ਖਰੀਦਣ ਗਏ ਸੀ, ਇਸੇ ਦੌਰਾਨ ਕੁਝ ਨੌਜਵਾਨਾਂ ਨੇ ਸਾਨੂੰ ਫੜ ਲਿਆ ਤੇ ਸੀ ਆਰ ਪੀ ਜਵਾਨਾਂ ਨਾਲ ਬਦਸਲੂਕੀ ਲਈ ਸਾਨੂੰ ਜ਼ਿਮੇਵਾਰ ਠਹਿਰਾਉਣ ਲੱਗੇ। ਉਨ੍ਹਾਂ ਬਿਨਾਂ ਕਿਸੇ ਵਜ੍ਹਾ ਸਾਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਸ ਪੂਰੇ ਘਟਨਾਕ੍ਰਮ 'ਚ ਸਾਡਾ ਪੂਰਾ ਦਿਨ ਉਸ ਵੇਲੇ ਬਰਬਾਦ ਹੋ ਗਿਆ, ਜਦੋਂ ਅਸੀਂ ਇਮਤਿਹਾਨਾਂ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸੀ।
ਕਸ਼ਮੀਰੀ ਵਿਦਿਆਰਥੀਆਂ ਅਤੇ ਕੁਝ ਸਥਾਨਕ ਲੋਕਾਂ ਵਿਚਾਲੇ ਕੁੱਟਮਾਰ ਦੀ ਖਬਰ ਤੋਂ ਬਾਅਦ ਪੁਲਸ ਹਰਕਤ ਵਿੱਚ ਆਈ। ਬੁੱਧਵਾਰ ਤੋਂ ਯੂਨੀਵਰਸਿਟੀ ਕੈਂਪਸ ਦੇ ਆਲੇ-ਦੁਆਲੇ ਵੱਡੀ ਪੱਧਰ 'ਤੇ ਪੁਲਸ ਤਾਇਨਾਤ ਹੈ। ਪੁਲਸ ਨੇ ਇਸ ਘਟਨਾ ਨੂੰ ਮਾਮੂਲੀ ਕੁੱਟਮਾਰ ਦੀ ਘਟਨਾ ਦੱਸਿਆ ਹੈ।
ਓਧਰ ਉਤਰ ਪ੍ਰਦੇਸ਼ ਨਵ-ਨਿਰਮਾਣ ਸੈਨਾ ਨਾਂਅ ਦੇ ਇੱਕ ਸੰਗਠਨ ਦੀ ਤਰਫੋਂ ਮੇਰਠ-ਦੇਹਰਾਦੂਨ ਹਾਈਵੇ 'ਤੇ ਵੱਡੇ-ਵੱਡੇ ਹੋਰਡਿੰਗ ਲਗਾਏ ਗਏ ਹਨ, ਜਿਨ੍ਹਾਂ 'ਚ ਯੂ ਪੀ 'ਚ ਰਹਿ ਰਹੇ ਕਸ਼ਮੀਰੀਆਂ ਨੂੰ ਸੁਬਾ ਛੱਡ ਕੇ ਚਲੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ 30 ਅਪ੍ਰੈਲ ਤੋਂ ਬਾਅਦ ਯੂ ਪੀ 'ਚ ਕਸ਼ਮੀਰੀਆਂ ਖਿਲਾਫ ਹੱਲਾ ਬੋਲਣ ਲਈ ਕਿਹਾ ਗਿਆ ਹੈ। ਇਸ ਸੰਗਠਨ ਦੀ ਇਸ ਹਰਕਤ ਤੋਂ ਬਾਅਦ ਖੁਫੀਆ ਵਿਭਾਗ ਅਤੇ ਵਿੱਦਿਅਕ ਸੰਸਥਾਵਾਂ ਚੌਕਸ ਹੋ ਗਈਆਂ ਹਨ।
ਇਸ ਸੰਗਠਨ ਦਾ ਮੁਖੀਆ ਕੋਈ ਅਮਿਤ ਜਾਨੀ ਨਾਂਅ ਦਾ ਵਿਅਕਤੀ ਹੈ, ਜਿਸ ਨੇ ਇਨ੍ਹਾਂ ਹੋਰਡਿੰਗਾਂ ਅਤੇ ਟਵਿੱਟਰ 'ਤੇ ਵੀ ਕਸ਼ਮੀਰੀ ਨੌਜਵਾਨਾਂ ਖਿਲਾਫ ਜ਼ਹਿਰ ਉਗਲੀ ਹੈ।