ਕਸ਼ਮੀਰ ਘਾਟੀ ਦੇ ਹਾਲਾਤ ਕਾਰਨ ਖ਼ਤਰੇ 'ਚ ਭਾਜਪਾ-ਪੀ ਡੀ ਪੀ ਗੱਠਜੋੜ


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ 'ਚ 2 ਸਾਲ ਪਹਿਲਾਂ ਗੱਠਜੋੜ ਸਰਕਾਰ ਬਣਾਉਣ ਵਾਲੀ ਬੀ ਜੇ ਪੀ ਅਤੇ ਪੀ ਡੀ ਪੀ ਰਾਜ 'ਚ ਭੀੜ ਵੱਲੋਂ ਹਿੰਸਾ, ਵਧਦੇ ਅੱਤਵਾਦ ਅਤੇ ਹਾਲ 'ਚ ਹੋÂਂੀ ਸ੍ਰੀਨਗਰ ਉਪ ਚੋਣ 'ਚ ਘੱਟ ਵੋਟਿੰਗ ਨੂੰ ਲੈ ਕੇ ਦਿਨੋ- ਦਿਨ ਜਨਤਕ ਅਤੇ ਨਿੱਜੀ ਦੋਵਾਂ ਹੀ ਰੂਪਾਂ 'ਚ ਇੱਕ-ਦੂਸਰੇ ਖ਼ਿਲਾਫ਼ ਬਿਆਨ ਦੇ ਰਹੇ ਹਨ। ਘਾਟੀ 'ਚ ਪੱਥਰਬਾਜ਼ਾਂ ਅਤੇ ਹਿੰਸਕ ਭੀੜ ਨਾਲ ਨਿਪਟਣ ਦਾ ਤਰੀਕਾ ਦੋਵਾਂ ਪਾਸਿਆਂ ਤੋਂ ਹੋ ਰਹੀ ਬਿਆਨਬਾਜ਼ੀ ਦਾ ਕੇਂਦਰ ਹੈ। ਪੀ ਡੀ ਪੀ ਕਹਿੰਦੀ ਹੈ ਕਿ ਘਾਟੀ ਦੇ ਹਲਾਤ 'ਤੇ ਬੀ ਜੇ ਪੀ ਦੀ ਰਾਜਨੀਤੀ 'ਟਕਰਾਅ ਨੂੰ ਵਧਾਉਣ ਵਾਲੀ' ਹੈ, ਜਦਕਿ ਬੀ ਜੇ ਪੀ ਦਾ ਕਹਿਣਾ ਹੈ ਕਿ ਪੀ ਡੀ ਪੀ ਖੁਸ਼ ਕਰਨ ਦੀ ਰਾਜਨੀਤੀ ਕਰ ਰਹੀ ਹੈ। ਬੀ ਜੇ ਪੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਲਗਾਤਾਰ ਕਹਿੰਦੀ ਰਹੀ ਹੈ ਕਿ ਉਹ ਪੱਥਰਬਾਜ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਨੈਸ਼ਨਲ ਕਾਨਫ਼ਰੰਸ ਦੀ ਰਾਜਨੀਤੀ ਦੇ ਦਬਾਅ 'ਚ ਨਾ ਆਏ। ਉਧਰ ਕਸ਼ਮੀਰ ਨੂੰ ਲੈ ਕੇ ਪੁਲਸ ਅਤੇ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਉਲਝਣ ਦੀ ਵਜ੍ਹਾ ਨਾਲ ਸੁਰੱਖਿਆ ਤੰਤਰ ਤਬਾਅ ਹੋ ਰਿਹਾ ਹੈ। ਇੱਕ ਸੀਨੀਅਰ ਅਧਿਕਾਰੀ ਅਨੁਸਾਰ, ''ਜਦੋਂ ਅਸੀਂ ਪੱਥਰਬਾਜ਼ਾਂ ਨੂੰ ਗ੍ਰਿਫ਼ਤਾਰ ਕਰਦੇ ਹਾਂ ਤਾਂ, ਸਾਨੂੰ ਉਨ੍ਹਾਂ ਨੂੰ ਛੱਡਣ ਲਈ ਰਾਜਨੀਤਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਨ੍ਹਾਂ 'ਚ ਕਈ ਪੀ ਡੀ ਪੀ ਅਤੇ ਨੈਸ਼ਨਲ ਕਾਨਫ਼ਰੰਸ 'ਚੋਂ ਹੁੰਦੇ ਹਨ। ਦੋਵੇਂ ਹੀ ਪਾਰਟੀਆ ਕਾਨੂੰਨ ਵਿਵਸਥਾ ਨੂੰ ਕਮਜ਼ੋਰ ਕਰਨ ਲਈ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੀਆਂ ਹਨ।'' ਬੀ ਜੇ ਪੀ ਨਾਲ ਸਰਕਾਰ ਬਣਾਉਣ ਵਾਲੇ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਮਹਿਬੂਬਾ ਦੇ ਪਿਤਾ ਦਿਵੰਗਤ ਮੁਫ਼ਤੀ ਮੁਹੰਮਦ ਸਈਦ ਨੇ ਇਸ ਗੱਠਜੋੜ ਨੂੰ 'ਕਸ਼ਮੀਰ ਦੀ ਜਨਤਾ ਅਤੇ ਬਾਕੀ ਭਾਰਤ' ਵਿਚਕਾਰ ਹੋਇਆ ਗੱਠਜੋੜ ਦੱਸਿਆ ਸੀ। ਉਨ੍ਹਾਂ ਉਮੀਦ ਕੀਤੀ ਸੀ ਇਸ ਗੱਠਜੋੜ ਦੀ ਵਜ੍ਹਾ ਨਾਲ ਨਰਿੰਦਰ ਮੋਦੀ ਨੂੰ ਦਿੱਲੀ ਦੀ ਸੱਤਾ 'ਚ ਲਿਆਉਣ ਵਾਲੇ ਲੋਕ ਕਸ਼ਮੀਰ ਦੇ ਹੋਰ ਨਜ਼ਦੀਕ ਆਉਣਗੇ। ਪੀ ਡੀ ਪੀ ਦੇ ਇੱਕ ਨੇਤਾ ਨੇ ਦੱਸਿਆ, ''ਇਹ 2 ਵਿਰੋਧੀ ਪਾਰਟੀਆਂ ਵਿੱਚ ਹੋਈ ਇੱਕ ਅਸੰਗਤ ਸਾਂਝੇਦਾਰੀ ਸੀ। ਬੀ ਜੇ ਪੀ ਆਰ ਐਸ ਐਸ ਦੀ ਰਾਜਨੀਤਿਕ ਸ਼ਾਖਾ ਹੈ, ਜਿਸ ਦਾ ਮਕਸਦ ਧਰਮ ਨਿਰਪੱਖ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ।'' ਗੌਰਤਲਬ ਹੈ ਕਿ ਪੀ ਡੀ ਪੀ ਕਸ਼ਮੀਰ ਦੇ ਮੌਜੂਦਾ ਹਾਲਾਤ ਲਈ ਬੀ ਜੇ ਪੀ ਨੂੰ ਜ਼ਿੰਮੇਵਾਰ ਦੱਸਦੀ ਹੈ। ਉਸ ਦਾ ਕਹਿਣਾ ਹੈ ਕਿ ਬੀ ਜੇ ਪੀ ਦੇ ਵੱਖਵਾਦੀਆਂ ਅਤੇ ਪਾਕਿਸਤਾਨ ਨਾਲ ਰਾਜਨੀਤਿਕ ਗੱਲਬਾਤ ਖ਼ਤਮ ਕਰਨ ਦੇ ਫ਼ੈਸਲੇ ਅਤੇ ਘਾਟੀ ਦੇ ਲੋਕਾਂ ਨੂੰ ਵਿਸ਼ਵਾਸ 'ਚ ਨਾ ਲੈਣ ਦੀ ਵਜ੍ਹਾ ਨਾਲ ਹਾਲਾਤ ਵਿਗੜ ਗਏ। ਜ਼ਿਕਰਯੋਗ ਹੈ ਕਿ ਦੋਵਾਂ ਪਾਰਟੀਆਂ ਦੇ ਸੰਬੰਧ ਉਦੋਂ ਹੋਰ ਖ਼ਰਾਬ ਹੋ ਗਏ ਜਦੋਂ ਬੀ ਜੇ ਪੀ ਦੇ ਮੰਤਰੀ ਚੰਦਰ ਪ੍ਰਕਾਸ਼ ਗੰਗਾ ਨੇ ਪੱਥਰਬਾਜ਼ਾਂ ਨਾਲ ਸਿਰਫ਼ ਗੋਲੀ ਨਾਲ ਨਿਪਟਣ ਦੀ ਗੱਲ ਕਹਿ ਦਿੱਤੀ। ਪਾਰਟੀ ਨੇ ਉਸ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਅਤੇ ਮੰਤਰੀ ਵੀ ਆਪਣੇ ਬਿਆਨ ਤੋਂ ਪਲਟ ਗਏ, ਪਰ ਉਦੋਂ ਤੱਕ ਨੁਕਸਾਨ ਹੋ ਚੁੱਕਾ ਸੀ। ਸੱਤਾਧਾਰੀ ਪੀ ਡੀ ਪੀ ਲਈ ਉਸ ਸਮੇਂ ਮੁਸ਼ਕਲ ਖੜ੍ਹੀ ਹੋ ਗਈ ਜਦੋਂ ਬੀ ਜੇ ਪੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਪੱਥਰਬਾਜ਼ੀ ਰੋਕਣ ਅਤੇ ਫ਼ੌਜੀਆਂ ਨੂੰ ਬਚਾਉਣ ਲਈ ਫ਼ੌਜ ਦੁਆਰਾ ਇੱਕ ਪੱਥਰਬਾਜ਼ ਨੂੰ ਫ਼ੌਜ ਦੇ ਵਾਹਨ 'ਤੇ ਬੰਨ ਕੇ ਲੈ ਜਾਣ ਦੇ ਫ਼ੈਸਲੇ ਦੀ ਵਕਾਲਤ ਕੀਤੀ। ਦੋਵਾਂ ਪਾਰਟੀਆਂ ਵਿਚਕਾਰ ਦਰਾਰ ਵਧਦੀ ਦੇਖ ਸ਼ੁੱਕਰਵਾਰ ਨੂੰ ਰਾਜ ਦੇ ਵਿੱਤ ਮੰਤਰੀ ਹਸੀਬ ਦੱਬੂ ਨੇ ਮਾਧਵ ਨਾਲ ਜੰਮੂ ਸਥਿਤ ਬੀ ਜੇ ਪੀ ਦਫ਼ਤਰ 'ਚ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਦੋਵਾਂ ਵਿੱਚ ਗੱਠਜੋੜ ਨੂੰ ਲੈ ਕੇ ਵੱਧ ਰਹੇ ਸੰਕਟ ਅਤੇ ਦੂਰੀ ਨੂੰ ਲੈ ਕੇ ਗੱਲਬਾਤ ਹੋਈ। ਉਧਰ ਨੈਸ਼ਨਲ ਕਾਨਫ਼ਰੰਸ ਅਤੇ ਕਾਂਗਰਸ ਦੋਵੇਂ ਹੀ ਰਾਜ 'ਚ ਗਵਰਨਰ ਰੂਲ ਲਗਾਏ ਜਾਣ ਦੀ ਗੱਲ ਕਹਿ ਰਹੀਆਂ ਹਨ। ਰਾਜ 'ਚ ਕਾਂਗਰਸ ਦੇ ਪ੍ਰਧਾਨ ਜੀ ਏ ਮੀਰ ਨੇ ਕਿਹਾ, ''ਰਾਜ 'ਚ ਪੂਰੀ ਤਰ੍ਹਾਂ ਅਰਾਜਕਤਾ ਫੈਲੀ ਹੋਈ ਹੈ। ਪੀ ਡੀ ਪੀ ਬੀ ਜੇ ਪੀ ਨੇ ਰਾਜ ਨੂੰ 1990 ਦੇ ਦਹਾਕੇ ਦੇ ਦੌਰ 'ਚ ਪਹੁੰਚਾ ਦਿੱਤਾ ਹੈ। ਜਦੋਂ ਕਸ਼ਮੀਰ ਨੇ ਅੱਤਵਾਦ ਦਾ ਸਭ ਤੋਂ ਬੁਰਾ ਦੌਰ ਦੇਖਿਆ ਸੀ।''