ਰਾਮ ਲੀਲ੍ਹਾ ਮੈਦਾਨ 'ਚ ਕੀਤੇ ਰੀਕਾਲ ਦੇ ਵਾਅਦੇ ਦੀ ਕੇਜਰੀਵਾਲ ਨੂੰ ਯਾਦ ਦੁਆਈ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ 'ਚ ਐਤਵਾਰ ਨੂੰ ਹੋਣ ਵਾਲੀਆਂ ਐਮ ਸੀ ਡੀ ਚੋਣਾਂ ਤੋਂ ਐਨ ਪਹਿਲਾਂ ਕੇਜਰੀਵਾਲ ਦੇ ਪੁਰਾਣੇ ਸਾਥੀ ਯੋਗੇਂਦਰ ਯਾਦਵ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ। ਯੋਗੇਂਦਰ ਯਾਦਵ ਨੇ 2 ਸਾਲ ਮਗਰੋਂ ਕੇਜਰੀਵਾਲ ਨੂੰ ਪਹਿਲੀ ਵਾਰ ਪੱਤਰ ਲਿਖਿਆ ਹੈ ਕਿ ਰਾਮ ਲੀਲ੍ਹਾ ਮੈਦਾਨ 'ਚ ਆਖੀ 'ਰਿਕਾਲ' ਦੀ ਯਾਦ ਦੁਆਈ ਹੈ।
ਯੋਗੇਂਦਰ ਯਾਦਵ ਨੇ ਕੇਜਰੀਵਾਲ 'ਤੇ ਟਵਿਟ ਲਿਖਿਆ ਹੈ ਕਿ 2 ਸਾਲ 'ਚ ਕੇਜਰੀਵਾਲ ਨੂੰ ਮੇਰਾ ਪਹਿਲਾ ਪੱਤਰ, ਜੇ ਐਮ ਸੀ ਡੀ ਚੋਣਾਂ 'ਚ ਤੁਹਾਡੀ ਪਾਰਟੀ ਹਾਰਦੀ ਹੈ ਕਿ ਰਿਕਾਲ ਦੇ ਸਿਧਾਂਤ ਅਨੁਸਾਰ ਅਸਤੀਫ਼ਾ ਦੇ ਕੇ ਦੁਬਾਰਾ ਲੋਕਾਂ ਦਾ ਫਤਵਾ ਲਉ। ਪੱਤਰ 'ਚ ਯਾਦਵ ਨੇ ਕਿਹਾ ਕਿ ਦੋ ਸਾਲ ਪਹਿਲਾਂ ਦਿੱਲੀ ਦੇ ਲੋਕਾਂ ਨੇ ਜਿਹੜਾ ਇਤਿਹਾਸਕ ਫਤਵਾ ਦਿੱਤਾ ਸੀ, ਉਹ ਕਿਸੇ ਨੇਤਾ ਜਾਂ ਪਾਰਟੀ ਦਾ ਕਰਿਸ਼ਮਾ ਨਹੀਂ ਸੀ ਸਗੋਂ ਹਜ਼ਾਰਾਂ ਵਲੰਟੀਅਰਾਂ ਦਾ ਤਿਆਗ ਅਤੇ ਤਪਸਿਆ ਸੀ। ਉਨ੍ਹਾ ਕਿਹਾ ਕਿ ਹੁਣ ਕੇਜਰੀਵਾਲ ਆਪਣੇ ਵਾਅਦੇ ਤੋਂ ਡਗਮਗਾ ਗਏ ਹਨ, ਇਸ ਲਈ ਦੋ ਸਾਲਾਂ 'ਚ ਮੈਂ ਪਹਿਲੀ ਵਾਰ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅਤੇ ਰਾਮ ਲੀਲ੍ਹਾ ਮੈਦਾਨ 'ਚ ਕੀਤੇ ਰਿਕਾਲ ਦੇ ਵਾਅਦੇ ਦੀ ਯਾਦ ਦੁਆ ਰਿਹਾ ਹਾਂ। ਆਪ ਦੇ ਸਰਵੇ ਨੂੰ ਗਲਤ ਦਸਦਿਆਂ ਯਾਦਵ ਨੇ ਕਿਹਾ ਕਿ 2015 'ਚ ਇਤਿਹਾਸਕ ਬਹੁਮਤ ਦੇਣ ਵਾਲੇ ਆਪ ਦੇ ਬਹੁਤ ਸਾਰੇ ਵੋਟਰ ਭਾਜਪਾ ਵੱਲ ਜਾ ਰਹੇ ਹਨ। ਉਨ੍ਹਾਂ ਨੇ ਐਮ ਸੀ ਡੀ 'ਤੇ ਕਾਬਜ਼ ਭਾਜਪਾ ਨੂੰ ਨਿਕੰਮੀ ਅਤੇ ਭ੍ਰਿਸ਼ਟ ਸਰਕਾਰ ਕਿਹਾ ਹੈ। ਉਹ ਲਿਖਦੇ ਹਨ ਕਿ ਪਿਛਲੇ ਇੱਕ ਮਹੀਨੇ ਤੋਂ ਸੋਚ ਰਿਹਾ ਹਾਂ ਕਿ ਇਸ ਨਿਕੰਮੀ ਤੇ ਭ੍ਰਿਸ਼ਟ ਸਰਕਾਰ ਨੂੰ ਚਲਾਉਣ ਵਾਲੀ ਭਾਜਪਾ ਨੂੰ ਐਮ ਸੀ ਡੀ ਚੋਣਾਂ 'ਚ ਖੜੇ ਹੋਣ ਦਾ ਮੌਕਾ ਦੇਣ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾ ਲਿਖਿਆ ਕਿ ਕੇਜਰੀਵਾਲ ਇਸ ਲਈ ਜ਼ਿੰਮੇਵਾਰ ਹਨ ਅਤੇ ਉਨ੍ਹਾ ਦਿੱਲੀ ਦੀ ਜਨਤਾ ਦਾ ਭਰੋਸਾ ਤੋੜਿਆ ਹੈ। ਕਦੇ ਕੇਜਰੀਵਾਲ ਦੇ ਨਜ਼ਦੀਕੀ ਸਾਥੀ ਰਹੇ ਯਾਦਵ ਨੇ ਆਪ ਤੋਂ ਵੱਖ ਹੋ ਕੇ ਆਪਣੀ ਸਵਰਾਜ ਇੰਡੀਆ ਪਾਰਟੀ ਬਣਾਈ ਹੈ ਅਤੇ ਉਨ੍ਹਾਂ ਦੀ ਪਾਰਟੀ ਦਿੱਲੀ ਚੋਣਾਂ 'ਚ ਪਹਿਲੀ ਵਾਰ ਕਿਸਮਤ ਅਜ਼ਮਾ ਰਹੀ ਹੈ। ਆਪ ਦੇ ਸਰਵੇ ਅਨੁਸਾਰ ਦਿੱਲੀ ਦੀ ਜਨਤਾ ਅਜੇ ਵੀ ਉਸ ਨਾਲ ਹੈ ਅਤੇ ਆਪ ਐਮ ਸੀ ਡੀ ਚੋਣਾਂ 'ਚ ਵੱਡੀ ਜਿੱਤ ਹਾਸਲ ਕਰੇਗੀ। ਆਪ ਨੇ ਆਪਣੇ ਅੰਦਰੂਨੀ ਸਰਵੇ 'ਚ 272 ਚੋਂ 218 ਸੀਟਾਂ 'ਤੇ ਜਿੱਤ ਦਾ ਦਾਅਵਾ ਕੀਤਾ ਹੈ। ਯਾਦਵ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਲੋਕ ਇਸ ਵਾਰ ਆਪ ਨੂੰ ਚੁਨਣਗੇ। ਉਨ੍ਹਾ ਕਿਹਾ ਕਿ ਜੇ ਆਪ ਐਮ ਸੀ ਡੀ 'ਚ ਕੁੱਲ ਮਿਲਾ ਕੇ ਬਹੁਮਤ ਲਈ ਲੋੜੀਦੀਆਂ 137 ਸੀਟਾਂ ਜਿੱਤ ਲੈਂਦੀ ਹੈ ਤਾਂ ਮੈਂ ਸਮਝਾਂਗਾ ਕਿ ਮੇਰੀ ਸੋਚ ਗਲਤ ਹੈ ਅਤੇ ਦਿੱਲੀ ਦੇ ਲੋਕ ਕੇਜਰੀਵਾਲ ਨੂੰ ਧੋਖੇਬਾਜ਼ ਨਹੀਂ ਮੰਨਦੇ। ਉਨ੍ਹਾ ਲਿਖਿਆ ਕਿ ਜੇ ਕੇਂਦਰ ਸਰਕਾਰ ਤੁਹਾਡੇ ਖ਼ਿਲਾਫ਼ ਕੋਈ ਸਾਜ਼ਿਸ਼ ਕਰਦੀ ਹੈ ਤਾਂ ਮੇਰੀ ਪਾਰਟੀ ਤੇ ਮੈਂ ਤੁਹਾਡੀ ਮਦਦ ਕਰਾਂਗੇ, ਪਰ ਜੇ 70 'ਚੋਂ 67 ਸੀਟਾਂ ਜਿੱਤਣ ਤੋਂ ਦੋ ਸਾਲ ਮਗਰੋਂ ਹੀ ਆਪ ਇਸ ਚੋਣ ਨੂੰ ਹਾਰ ਜਾਂਦੀ ਹੈ ਤਾਂ ਨੈਤਿਕਤਾ ਦੀ ਮੰਗ ਹੈ ਕਿ ਤੁਸੀਂ ਈ ਵੀ ਐਮ ਰਿਕਾਲ ਦੇ ਸਿਧਾਂਤ ਅਨੁਸਾਰ ਦੁਬਾਰਾ ਜਨਤਾ ਦਾ ਫ਼ਤਵਾ ਹਾਸਲ ਕਰੋ।