ਪਤੀ-ਪਤਨੀ ਵੱਲੋਂ ਇੱਕ-ਦੂਜੇ 'ਤੇ 67 ਕੇਸ ਸੁਪਰੀਮ ਕੋਰਟ ਦੇ ਜੱਜ ਵੀ ਹੈਰਾਨ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪਤੀ-ਪਤਨੀ ਦਾ ਝਗੜਾ ਆਮ ਗੱਲ ਹੈ, ਪਰ ਇਸ ਵਾਰ ਅਜਿਹਾ ਇੱਕ ਮਾਮਲਾ ਸੁਪਰੀਮ ਕੋਰਟ ਪੁੱਜਾ ਤਾਂ ਜੱਜ ਵੀ ਹੈਰਾਨ ਰਹਿ ਗਏ। ਪਤੀ-ਪਤਨੀ ਨੇ ਇੱਕ-ਦੂਜੇ 'ਤੇ 67 ਕੇਸ ਕੀਤੇ ਹਨ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਪਤੀ ਨੇ ਪਤਨੀ ਵਿਰੁੱਧ 58 ਮਾਮਲੇ ਦਰਜ ਕਰਵਾਏ ਹਨ ਤਾਂ ਇਸ ਦੇ ਜੁਆਬ 'ਚ ਪਤਨੀ ਨੇ ਪਤੀ ਵਿਰੁੱਧ 9 ਮੁਕੱਦਮੇ ਕੀਤੇ ਹਨ। ਜ਼ਿਆਦਾਤਰ ਮੁਕੱਦਮੇ ਦਾਜ, ਘਰੇਲੂ ਹਿੰਸਾ, ਮਾਣਹਾਨੀ, ਬੱਚਿਆਂ ਦੀ ਕਸਟਡੀ ਬਾਰੇ ਹਨ।
ਸੁਪਰੀਮ ਕੋਰਟ ਕੋਲ 67ਵਾਂ ਕੇਸ ਜੋੜੇ ਦੇ 8 ਸਾਲਾ ਬੱਚੇ ਦੀ ਕਸਟਡੀ ਦਾ ਹੈ। ਪਤੀ-ਪਤਨੀ ਵੱਲੋਂ ਇੱਕ-ਦੂਜੇ ਵਿਰੁੱਧ ਏਨੇ ਮੁਕੱਦਮੇ ਦੇਖ ਕੇ ਜਸਟਿਸ ਕੁਰੀਅਨ ਅਤੇ ਜਸਟਿਸ ਆਰ ਭਾਨੂਮਤੀ ਵੀ ਹੈਰਾਨ ਰਹਿ ਗਏ। ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਕੁਰੀਅਨ ਜੋਸੇਫ਼ ਨੇ ਕਿਹਾ ਕਿ ਮੈਂ ਆਪਣੇ ਪੂਰੇ ਲੀਗਲ ਕੈਰੀਅਰ 'ਚ ਪਤੀ-ਪਤਨੀ ਵੱਲੋਂ ਇੱਕ-ਦੂਜੇ ਵਿਰੁੱਧ ਏਨੇ ਮੁਕੱਦਮਿਆਂ ਦੀ ਗੱਲ ਕਦੇ ਨਹੀਂ ਸੁਣੀ।
ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪਤੀ-ਪਤਨੀ ਅਤੇ 8 ਸਾਲ ਦੇ ਬੱਚੇ ਨੂੰ 27 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ। ਅੰਤਰਮ ਹੁਕਮਾਂ ਤਹਿਤ ਪਿਤਾ ਹਰੇਕ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 8 ਤੋਂ ਸ਼ਾਮ 7 ਵਜੇ ਤੱਕ ਬੱਚੇ ਨੂੰ ਮਿਲ ਸਕਣਗੇ। ਜ਼ਿਕਰਯੋਗ ਹੈ ਕਿ ਇਸ ਜੋੜੇ ਦਾ ਵਿਆਹ ਮਈ 2002 'ਚ ਬੰਗਲੌਰ 'ਚ ਹੋਇਆ ਸੀ ਅਤੇ ਸ਼ਾਦੀ ਮਗਰੋਂ ਇਹ ਜੋੜਾ ਅਮਰੀਕਾ 'ਚ ਵਸ ਗਿਆ ਸੀ। ਸਾਲ 2009 'ਚ ਪੁੱਤਰ ਦੇ ਜਨਮ ਦੇ ਨਾਲ ਹੀ ਦੋਵਾਂ 'ਚ ਝਗੜਾ ਸ਼ੁਰੂ ਹੋ ਗਿਆ ਅਤੇ ਪਤੀ ਤੋਂ ਅੱਕ ਕੇ ਪਤਨੀ ਬੰਗਲੌਰ ਪਰਤ ਆਈ, ਜਿਸ ਤੋਂ ਬਾਅਦ ਉਨ੍ਹਾ ਇੱਕ-ਦੂਜੇ 'ਤੇ ਕੇਸ ਕਰਨੇ ਸ਼ੁਰੂ ਕਰ ਦਿੱਤੇ।