ਡੀ ਈ ਓ ਫਿਰੋਜ਼ਪੁਰ ਦੀ ਗਾਲੀ-ਗਲੋਚ ਵਾਲੀ ਵਾਇਰਲ ਹੋਈ ਆਡੀਓ ਨੇ ਮਚਾਇਆ ਤਹਿਲਕਾ


ਜਲਾਲਾਬਾਦ (ਰਣਬੀਰ ਕੌਰ ਢਾਬਾਂ)
ਸਿੱਖਿਆ ਸ਼ਬਦ ਮੂੰਹ 'ਚੋ ਨਿਕਲਣ ਨਾਲ ਹਰ ਮਨੁੱਖ ਸੋਚਣ ਲੱਗਦਾ ਹੈ ਕਿ ਹਰ ਮੋੜ 'ਤੇ ਸਿੱਖਣ ਦੀ ਲੋੜ ਹੁੰਦੀ ਹੈ। ਹਰ ਖੇਤਰ 'ਚ ਕੋਈ ਵੀ ਵਿਅਕਤੀ ਆਪਣੇ ਕਿੱਤੇ ਜਾਂ ਸੇਵਾਵਾਂ ਲਈ ਕਿਤੋਂ ਨਾ ਕਿਤੋਂ ਗਿਆਨ ਲੈ ਕੇ ਸਿੱਖਦਾ ਹੈ। ਦੇਸ਼ ਦਾ ਸਿੱਖਿਆ ਵਿਭਾਗ ਦੇਸ਼ ਦੇ ਬੱਚਿਆਂ ਨੂੰ ਦੇਸ਼ ਦੀ ਤਰੱਕੀ, ਵਿਕਾਸ ਅਤੇ ਸੇਵਾ ਭਾਵਨਾ ਲਈ ਅਧਿਆਪਕਾਂ ਰਾਹੀਂ ਸਿੱਖਿਆ ਮੁਹੱਈਆ ਕਰਵਾਉਂਦਾ ਹੈ। ਦੇਸ਼ ਦੇ ਅਧਿਆਪਕਾਂ ਨੂੰ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ। ਹਰ ਖੇਤਰ 'ਚ ਕਾਮਯਾਬ ਵਿਅਕਤੀ ਨੂੰ ਕਿਸੇ ਗੁਰੂ ਜਾਂ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਕੀਤੀ ਹੁੰਦੀ ਹੈ। ਸਿੱਖਿਆ ਵਿਭਾਗ ਵਿਚ ਅਧਿਆਪਕ ਦੇ ਰੂਪ 'ਚ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਵਾਲਾ ਮਨੁੱਖ ਜਾਂ ਇਸ ਤੋਂ ਉਪਰ ਰੁਤਬੇ ਵਾਲਾ ਅਧਿਆਪਕਾਂ ਦਾ ਮੁੱਖ ਅਫ਼ਸਰ ਹੀ ਜੇਕਰ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ-ਬੰਨੇ ਪਾਰ ਕਰ ਜਾਵੇ ਤਾਂ ਫਿਰ ਸਮਾਜ ਦਾ ਰੱਬ ਹੀ ਰਾਖਾ ਹੈ। ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਕੁਮਾਰ ਅਰੋੜਾ ਦੀ ਉਸ ਵਾਇਰਲ ਹੋਈ ਫੋਨ ਰਿਕਾਰਡਿੰਗ ਦੀ ਆਡੀਓ, ਜਿਸ 'ਚ ਉਹ ਡੀ.ਈ.ਓ. ਨਾ ਹੋ ਕੇ ਇਕ ਅਸੱਭਿਅਕ ਮਨੁੱਖ ਤੋਂ ਵੀ ਥੱਲੇ ਦਰਜੇ ਦੀ ਸ਼ਬਦਾਵਲੀ ਵਰਤ ਰਿਹਾ ਅਤੇ ਨਿੱਜੀ ਸਕੂਲਾਂ ਦੀ ਲੁੱਟ ਦੇ ਖਿਲਾਫ ਲੜ ਰਹੇ ਵਿਦਿਆਰਥੀ ਜਥੇਬੰਦੀ ਏ.ਆਈ.ਐਸ.ਐਫ. ਦੇ ਆਗੂਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸ਼ਰੇਆਮ ਗਾਲ੍ਹਾਂ ਕੱਢ ਰਿਹਾ ਹੈ। ਇਥੇ ਹੀ ਬੱਸ ਨਹੀਂ ਇੱਕ ਪ੍ਰਾਈਵੇਟ ਸਕੂਲ ਦੀ ਮੱਦਦ ਕਰਨ ਦੀ ਉਸ ਨੂੰ ਆਪਣੀ ਕੀਮਤੀ ਰਾਇ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਦੀ ਗਾਲ੍ਹਾਂ ਕੱਢਣ ਦੀ ਇਹ ਰਿਕਾਰਡਿੰਗ ਏ.ਆਈ.ਐਸ.ਐਫ. ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਵਲੋਂ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਰਾਹੀ ਪਬਲਿਕ ਕੀਤੀ ਗਈ ਸੀ। ਬਸ ਫੇਰ ਕੀ ਸੀ ਇਕ ਜ਼ਿੰਮੇਵਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਮੂੰਹੋਂ ਗਾਲਾਂ ਕੱਢਣ ਦੀ ਬਰਸਾਤ ਦੀ ਵਾਇਰਲ ਹੋਈ ਆਡੀਓ ਨੂੰ ਸੂਬੇ ਭਰ 'ਚ ਤਹਿਲਕਾ ਮਚਾ ਦਿੱਤਾ। ਚਾਹੇ ਉਹ ਸ਼ਹਿਰ ਬਠਿੰਡਾ ਹੋਵੇ, ਚਾਹੇ ਲੁਧਿਆਣਾ, ਚਾਹੇ ਅਮ੍ਰਿਤਸਰ, ਸੰਗਰੂਰ, ਮੁਕਤਸਰ, ਫਾਜ਼ਿਲਕਾ ਰਾਹੀਂ ਸੋਸ਼ਲ ਮੀਡੀਆ ਨੇ ਇਸ ਰਿਕਾਰਡਿੰਗ ਨੂੰ ਵਟਸਐਪ ਦੇ ਗਰੁੱਪਾਂ ਵਿਚ ਵਾਰ-ਵਾਰ ਪਾਇਆ ਤੇ ਫਿਰ ਜੰਗ ਛਿੜ ਗਈ ਕੁਮੈਂਟਾਂ ਦੀ। ਹਰ ਕਿਸੇ ਨੇ ਅਪਣੀ ਸੋਚ ਮੁਤਾਬਿਕ ਦੁੱਖ ਭਰੇ, ਚਿੰਤਾ ਜ਼ਾਹਰ ਕਰਦੇ, ਗੁੱਸੇ ਭਰੇ ਅਤੇ ਕਈਆਂ ਨੇ ਜਜ਼ਬਾਤੀ ਹੁੰਦਿਆਂ ਤਲਖੀ 'ਚ ਬੇਸ਼ਰਮੀ ਦੀ ਹੱਦ ਟੱਪ ਚੁੱਕੇ ਡੀ.ਈ.ਓ. ਫਿਰੋਜ਼ਪੁਰ ਬਾਰੇ ਗਾਲਾਂ ਤੱਕ ਲਿਖ ਕੇ ਕੁਮੈਂਟ ਤੱਕ ਕੀਤੇ। ਇਕ ਮਮਦੋਟ ਕਸਬੇ ਦੀ ਵਿਅਕਤੀ ਨੇ ਡੀ.ਈ.ਓ. ਫਿਰੋਜ਼ਪੁਰ ਨਾਲ ਫੋਨ 'ਤੇ ਗੱਲਬਾਤ ਰਾਹੀਂ ਉਸ ਦੀ ਨੀਚਤਾ ਨੂੰ ਫਿਟਕਾਰ ਪਾਈ। ਇਹ ਆਡੀਓ ਵੀ ਖੂਬ ਵਾਇਰਲ ਹੋਈ। ਇਕ ਫੋਨ ਰਾਹੀ ਇਕ ਔਰਤ ਦੀ ਡੀ.ਈ.ਓ. ਨਾਲ ਗੱਲਬਾਤ ਦੀ ਆਡੀਓ ਰਿਕਾਰਡਿੰਗ ਵਾਇਰਲ ਹੋਈ ਜਿਸ 'ਚ ਉਹ ਔਰਤ ਡੀ.ਈ.ਓ. ਨੂੰ ਉਸ ਦੇ ਕੀਤੇ ਬਦਲੇ ਉਸ ਨੂੰ ਭੱਦਾ ਗਲੀ ਗਲੋਚ ਕਰ ਰਹੀ ਹੈ। ਪਰ ਇਹ ਆਡੀਓ ਸੁਣਨ ਮੁਤਾਬਿਕ ਫੇਕ ਜਾਪਦੀ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਦੀ ਰਾਜਨੀਤਕ ਰਸੂਖ ਦੀ ਤਰਜਮਾਨੀ ਕਰਦੇ ਇਕ ਵਿਅਕਤੀ ਨੇ ਫੇਸ ਬੁੱਕ ਖਾਤੇ ਤੋਂ ਵਿਧਾਨਿਕ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਮੌਜੂਦਾ ਵਿਧਾਇਕ ਸਤਿਕਾਰ ਕੌਰ ਗਹਿਰੀ ਨੂੰ ਗੁਲਦਸਤਾ ਭੇਟ ਕਰਦਿਆ ਦੀ ਫੋਟੋ ਵਾਇਰਲ ਕੀਤੀ ਗਈ, ਜੋ ਕਿ ਖੂਬ ਚਰਚਾ ਦੀ ਵਿਸ਼ਾ ਬਣੀ ਹੋਈ ਹੈ। ਸਿੱਖਿਆ ਵਿਭਾਗ 'ਚ ਬਤੌਰ ਅਧਿਆਪਕ ਵਜੋ ਸੇਵਾ ਨਿਭਾ ਰਹੇ ਅਨੇਕਾਂ ਅਧਿਆਪਕਾਂ ਨੇ ਏ.ਆਈ.ਐਸ.ਐਫ. ਦੇ ਆਗੂਆਂ ਨੂੰ ਫੋਨ ਕਰਕੇ ਇਸ ਕੀਤੇ ਸਟਿੰਗ ਅਪ੍ਰੈਸ਼ਨ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਇਹ ਵੀ ਭਰੇ ਮਨ ਨਾਲ ਕਈ ਅਧਿਆਪਕ ਇਹ ਮੂੰਹੋਂ ਕਹਿੰਦੇ ਸੁਣੇ ਗਏ ਕਿ ਅੱਜ ਸਾਡਾ ਸਿੱਖਿਆ ਵਿਭਾਗ ਇਕ ਬੇਸ਼ਰਮ ਜ਼ਿਲ੍ਹਾ ਸਿੱਖਿਆ ਅਫ਼ਸਰ ਕਾਰਨ ਪੂਰਾ ਬਦਨਾਮ ਹੋ ਗਿਆ ਹੈ। ਉਹਨਾ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਕਾਰਨ ਅਸੀਂ ਬਹੁਤ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ। ਸੋਸ਼ਲ ਮੀਡੀਆ ਤੇ ਪੰਜਾਬ ਭਰ ਤੋਂ ਲੋਕਾਂ ਦੁਆਰਾ ਇਹ ਮੰਗ ਕੀਤੀ ਜਾ ਰਹੀ ਹੈ ਕਿ ਸ਼ਰੇਆਮ ਦੋਸ਼ੀ ਪ੍ਰਾਈਵੇਟ ਸਕੂਲਾਂ ਦੀ ਮੱਦਦ ਕਰਨ ਵਾਲੇ ਅਤੇ ਅਗਵਾਈ ਕਰ ਰਹੇ ਜਥੇਬੰਦੀ ਦੇ ਆਗੂਆਂ ਨੂੰ ਗਾਲ੍ਹਾਂ ਦੇਣ ਵਾਲੇ ਡੀ.ਈ.ਓ. ਖਿਲਾਫ ਤੁਰੰਤ ਅਪਰਾਧਕ ਮਾਮਲਾ ਦਰਜ ਹੋਵੇ ਅਤੇ ਉਸ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਇਥੇ ਗੌਰਵਤਲਬ ਹੈ ਕਿ ਇਸ ਵਾਇਰਲ ਹੋਈ ਆਡੀਓ ਨੇ ਕਈ ਉਹਨਾਂ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਅਤੇ ਸਿੱਖਿਆ ਅਫ਼ਸਰਾਂ ਦੇ ਹੋਸ਼ ਉਡਾਏ ਹੋਏ ਹਨ, ਜੋ ਨਿੱਜੀ ਸਕੂਲਾਂ ਨਾਲ ਮਿਲੀਭੁਗਤ ਕਰਕੇ ਉਹਨਾਂ ਨੂੰ ਸ਼ਹਿ ਦੇ ਰਹੇ ਹਨ।