ਮਾਲੇਗਾਂਵ ਧਮਾਕਾ ਕੇਸ; ਸਾਧਵੀ ਪ੍ਰਗਿਆ ਸਿੰਘ ਨੂੰ ਮਿਲੀ ਜ਼ਮਾਨਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
9 ਸਾਲ ਪੁਰਾਣੇ ਮਾਲੇਗਾਂਵ ਬਲਾਸਟ ਕੇਸ 'ਚ ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਇੱਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ। ਉਸ ਨੂੰ ਪੰਜ ਲੱਖ ਦੇ ਬਾਂਡ 'ਤੇ ਬੇਲ ਦਿੱਤੀ ਗਈ। ਹਾਲਾਂਕਿ ਇਸੇ ਮਾਮਲੇ 'ਚ ਹਾਈ ਕੋਰਟ ਨੇ ਕਰਨਲ ਪੁਰੋਹਿਤ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਸਾਧਵੀ ਪ੍ਰਗਿਆ ਦੇ ਵਕੀਲ ਸ਼ਿਆਮ ਦੇਵਾਨੀ ਨੇ ਕਿਹਾ, 'ਪ੍ਰਗਿਆ ਮਹਿਲਾ ਹੈ, ਪਿਛਲੇ 9 ਸਾਲ ਤੋਂ ਜੇਲ੍ਹ 'ਚ ਹੈ ਅਤੇ ਕੈਂਸਰ ਪੀੜਤ ਹੈ।' ਹਾਈ ਕੋਰਟ ਨੇ ਉਸ ਦੀ ਜ਼ਮਾਨਤ 'ਚ ਇਹ ਪੱਖ ਵੀ ਦੇਖਿਆ। ਸ਼ਿਆਮ ਦੇਵਾਨੀ ਨੇ ਦੱਸਿਆ ਕਿ ਪ੍ਰਗਿਆ ਨੂੰ ਪੰਜ ਲੱਖ ਬਾਂਡ 'ਤੇ ਸ਼ਰਤੀਆ ਜ਼ਮਾਨਤ ਦਿੱਤੀ ਗਈ ਹੈ। ਉਸ ਦਾ ਪਾਸਪੋਰਟ ਜਮ੍ਹਾਂ ਕੀਤਾ ਗਿਆ ਹੈ। ਉਸ ਨੂੰ ਜਾਂਚ ਲਈ ਐਨ ਆਈ ਏ ਦੇ ਸਾਹਮਣੇ ਜਾਣਾ ਹੋਵੇਗਾ। ਸਾਧਵੀ ਪ੍ਰਗਿਆ ਦੀ ਵੱਡੀ ਭੈਣ ਉਪਮਾ ਸਿੰਘ ਨੇ ਜ਼ਮਾਨਤ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਸ ਨੇ ਕਿਹਾ, ''ਆਰਡਰ ਕਾਪੀ ਆਉਣ ਦਾ ਇੰਤਜ਼ਾਰ ਹੈ। ਅੱਜ ਮੈਂ ਬਿਲਾਸਪੁਰ ਤੋਂ ਭੋਪਾਲ ਲਈ ਰਵਾਨਾ ਹੋ ਰਹੀ ਹਾਂ।'' ਉਸ ਨੇ ਇਹ ਵੀ ਕਿਹਾ ਕਿ ਪ੍ਰਗਿਆ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰ ਸਕਦੀ ਹੈ। ਗੌਰਤਲਬ ਹੈ ਕਿ ਮਾਰਚ ਤੋਂ ਪਹਿਲਾਂ ਹਾਈ ਕੋਰਟ ਨੇ ਪੁਰੋਹਿਤ ਦੁਆਰਾ ਦਾਇਰ ਜ਼ਮਾਨਤ ਪਟੀਸ਼ਨ 'ਤੇ ਆਪਣਾ ਆਦੇਸ਼ ਸੁਰੱਖਿਅਤ ਰੱਖਿਆ ਸੀ।
28 ਜੂਨ ਨੂੰ ਐਨ ਆਈ ਏ ਦੀ ਇੱਕ ਸਪੈਸ਼ਲ ਅਦਾਲਤ ਨੇ ਸਾਧਵੀ ਪ੍ਰਗਿਆ ਅਤੇ ਕਰਨਲ ਪ੍ਰਸਾਦ ਪੁਰੋਹਿਤ ਦੀ ਜ਼ਮਾਨਤ ਪਟੀਸ਼ਨ ਨਾਮਨਜ਼ੂਰ ਕਰ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਨੇ ਹਾਈ ਕੋਰਟ 'ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ ਉੱਤਰੀ ਮਹਾਂਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਸਥਿਤ ਮੁਸਲਿਮ ਅਬਾਦੀ ਵਾਲੇ ਸ਼ਹਿਰ ਮਾਲੇਗਾਂਵ 'ਚ 29 ਸਤੰਬਰ 2008 ਨੂੰ ਹੋਏ ਧਮਾਕੇ 'ਚ 7 ਲੋਕ ਮਾਰੇ ਗਏ ਸੀ।