ਵਿਸ਼ਵ ਅਰਥ ਵਿਵਸਥਾ 'ਚ ਭੁਚਾਲ ਲਿਆਵੇਗਾ ਇੰਟਰਨੈੱਟ : ਜੈਕ ਮਾਅ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਚੀਨ ਦੀ ਵੱਡੀ ਈ ਕਾਮਰਸ ਕੰਪਨੀ ਅਲੀ ਬਾਬਾ ਗਰੁੱਪ ਹੋਲਡਿੰਗ ਲਿਮਟਿਡ ਦੇ ਚੇਅਰਮੈਨ ਜੈਕ ਮਾਅ ਨੇ ਕਿਹਾ ਹੈ ਕਿ ਸਾਨੂੰ ਦਹਾਕਿਆਂ ਤੱਕ ਦਰਦ ਬਰਦਾਸ਼ਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਇੰਟਰਨੈੱਟ ਦੁਨੀਆ ਭਰ ਦੀ ਅਰਥ ਵਿਵਸਥਾ ਵਿੱਚ ਉਥਲ-ਪੁਥਲ ਮਚਾ ਰਿਹਾ ਹੈ। ਉਨ੍ਹਾ ਦੁਨੀਆ ਭਰ ਵਿੱਚ ਸਿੱਖਿਆ ਵਿਵਸਥਾ ਵਿੱਚ ਬਦਲਾਅ ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਰੋਬੋਟ ਨਾਲ ਕੰਮ ਕਰਨ ਦੀ ਸਿੱਖਿਆ ਮਿਲਣੀ ਚਾਹੀਦੀ ਹੈ ਤਾਂ ਜੋ ਆਟੋਮੇਸ਼ਨ ਅਤੇ ਇੰਟਰਨੈੱਟ ਇਕਾਨਮੀ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾ ਇਹ ਗੱਲਾਂ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖੀਆਂ। ਉਨ੍ਹਾ ਕਿਹਾ ਕਿ ਅਗਲੇ 30 ਸਾਲਾਂ ਵਿੱਚ ਦੁਨੀਆ ਨੂੰ ਖੁਸ਼ੀ ਤੋਂ ਵੱਧ ਦੁੱਖ ਦੇਖਣਾ ਪਵੇਗਾ। ਉਨ੍ਹਾ ਇਸ ਸੰਬੰਧ ਵਿੱਚ ਇੰਟਰਨੈੱਟ ਕਾਰਨ ਨੌਕਰੀਆਂ ਵਿੱਚ ਹੋਣ ਵਾਲੀ ਕਮੀ ਦਾ ਹਵਾਲਾ ਦਿੱਤਾ। ਉਨ੍ਹਾ ਕਿਹਾ ਕਿ ਅਗਲੇ ਤਿੰਨ ਦਹਾਕਿਆਂ ਵਿੱਚ ਸਮਾਜਿਕ ਸੰਘਰਸ਼ ਦਾ ਅਸਰ ਸਭ ਤਰ੍ਹਾਂ ਦੇ ਉਦਯੋਗਾਂ ਅਤੇ ਜੀਵਨ ਦੇ ਸਾਰੇ ਪਹਿਲੂਆਂ 'ਤੇ ਪਵੇਗਾ।
ਜੈਕਮਾਂਅ ਨੇ ਸਮਾਰੋਹ ਵਿੱਚ ਕਿਹਾ ਕਿ ਉਨ੍ਹਾ ਨੇ ਈ ਕਮਰਸ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਲੋਕਾਂ ਨੂੰ ਚਿਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਰਵਾਇਤੀ ਪਰਚੂਨ ਦੁਕਾਨਾਂ ਨੂੰ ਬਰਬਾਦ ਕਰ ਦੇਵੇਗਾ, ਪਰ ਕਿਸੇ ਨੇ ਮੇਰੀ ਗੱਲ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾ ਕਿਹਾ ਕਿ ਇਸ ਵਾਰ ਮੈਂ ਨਵੀਆਂ ਤਕਨੀਕਾਂ ਦੇ ਅਸਰ ਵੀ ਲੈ ਕੇ ਫੇਰ ਚਿਤਾਵਨੀ ਦੇਣਾ ਚਾਹੁੰਦਾ ਹਾਂ ਤਾਂ ਕਿ ਭਵਿੱਖ ਵਿੱਚ ਇਹ ਕਿਸੇ ਨੂੰ ਅਚੰਭਾ ਨਾ ਲੱਗੇ।
ਉਨ੍ਹਾ ਕਿਹਾ ਕਿ 15 ਸਾਲ ਪਹਿਲਾਂ ਅਸੀਂ ਭਾਸ਼ਣਾਂ ਵਿੱਚ ਲੋਕਾਂ ਨੂੰ 200-250 ਵਾਰ ਯਾਦ ਦੁਆਇਆ ਕਿ ਇੰਟਰਨੈੱਟ ਸਾਰੇ ਉਦਯੋਗਾਂ ਨੂੰ ਪ੍ਰਭਾਵਿਤ ਕਰੇਗਾ, ਪਰ ਲੋਕਾਂ ਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ, ਕਿਉਂਕਿ ਉਸ ਵੇਲੇ ਮੈਂ ਕੁਝ ਵੀ ਨਹੀਂ ਸੀ। ਜ਼ਿਕਰਯੋਗ ਹੈ ਕਿ 52 ਸਾਲਾ ਮਾਂ ਰਵਾਇਤੀ ਬੈਕਿੰਗ ਉਦਯੋਗ ਦੀ ਵੀ ਆਲੋਚਨਾ ਕਰਦੇ ਹਨ। ਉਨ੍ਹਾ ਦਾ ਕਹਿਣਾ ਹੈ ਕਿ ਸਮਾਜ ਦੇ ਵੱਧ ਤੋਂ ਵੱਧ ਲੋਕਾਂ ਨੂੰ ਦਰਜਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਚੰਗੀ ਦਰਜਾ ਵਿਵਵਥਾ ਦੀ ਘਾਟ ਦਾ ਨਤੀਜਾ ਸਾਰਿਆਂ ਨੂੰ ਭੁਗਤਣਾ ਪੈਂਦਾ ਹੈ।