ਭਾਜਪਾ ਦੀ ਮਹਿਲਾ ਐੱਮ ਪੀ ਵੱਲੋਂ ਐੱਸ ਪੀ ਨੂੰ ਖੱਲ ਲਾਹ ਦੇਣ ਦੀ ਧਮਕੀ


ਨਵੀਂ ਦਿੱਲੀ (ਨ ਜ਼ ਸ)
ਸੱਤਾਧਾਰੀ ਪਾਰਟੀ ਦੇ ਆਗੂ ਅਕਸਰ ਅਫਸਰਾਂ ਨੂੰ ਧਮਕੀਆਂ ਦਿੰਦੇ ਰਹਿੰਦੇ ਹਨ ਅਤੇ ਇਸੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਬਾਰਾਬੰਕੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਪ੍ਰਿਅੰਕਾ ਰਾਵਤ ਨੇ ਇੱਕ ਪੁਲਸ ਅਧਿਕਾਰੀ ਨੂੰ ਚਮੜੀ ਉਤਾਰ ਦੇਣ ਦੀ ਧਮਕੀ ਦਿੱਤੀ ਹੈ। ਉਨ੍ਹਾ ਨੇ ਨਾ ਸਿਰਫ ਪੁਲਸ ਅਧਿਕਾਰੀ ਨੂੰ ਧਮਕੀ ਦਿੱਤੀ ਸਗੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵੀ ਇਹ ਧਮਕੀ ਦੁਹਰਾਈ, ਜਿਹੜੀ ਕੈਮਰੇ 'ਚ ਕੈਦ ਹੋ ਗਈ
31 ਸਾਲਾ ਐੱਮ ਪੀ ਨੇ ਕਿਹਾ ਕਿ ਇਸ ਪੁਲਸ ਅਧਿਕਾਰੀ ਨੇ ਜਿੰਨੀ ਮਲਾਈ ਲਾਹੁਣੀ ਸੀ, ਲਾਹ ਲਈ, ਪਰ ਹੁਣ ਭਾਜਪਾ ਦੀ ਸਰਕਾਰ ਹੈ, ਉਹਨਾਂ ਦੀ ਖੱਲ ਖਿੱਚ ਲਵਾਂਗੇ ਜੇ ਉਹਨਾਂ ਨੇ ਕੰਮ ਨਾ ਕੀਤਾ। ਏ ਐੱਸ ਪੀ ਕੁੰਵਰ ਗਿਆਨੰਜੈ ਸਿੰਘ ਦਾ ਨਾਂਅ ਲੈਂਦਿਆਂ ਉਨ੍ਹਾ ਕਿਹਾ ਕਿ ਕੇਂਦਰ 'ਚ ਮੋਦੀ ਅਤੇ ਸੂਬੇ 'ਚ ਯੋਗੀ ਦੀ ਸਰਕਾਰ ਹੈ, ਇਸ ਜ਼ਿਲ੍ਹੇ 'ਚ ਉਹੀ ਰਹਿਣਗੇ, ਜਿਹੜੇ ਕੰਮ ਕਰਨਗੇ। ਅਸੀਂ ਸਭ ਦਾ ਰਿਕਾਰਡ ਚੈੱਕ ਕਰਾਂਗੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਉਨ੍ਹਾ ਕਿਹਾ ਕਿ ਸਾਫ ਗੱਲ ਹੈ ਕਿ ਜਿਹੜਾ ਲੋਕਾਂ ਦੇ ਕੰਮ ਨਹੀਂ ਕਰੇਗਾ, ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਉਹਨਾਂ ਰਾਮਨਗਰ 'ਚ ਹਾਲ 'ਚ ਹੋਏ ਕਤਲ ਦੇ ਮਾਮਲੇ 'ਚ ਫੋਨ ਕੀਤਾ ਸੀ, ਪਰ ਏ ਐੱਸ ਪੀ ਦਾ ਰਵੱਈਆ ਗਲਤ ਸੀ। ਉਨ੍ਹਾ ਕਿਹਾ ਕਿ ਮੈਂ ਪੁਲਸ ਹਾਂ ਅਤੇ ਮੈਨੂੰ ਆਪਣਾ ਕੰਮ ਪਤਾ ਹੈ। ਰਾਵਤ ਨੇ ਕਿਹਾ ਕਿ ਇਹ ਅਧਿਕਾਰੀ ਸਪਾ ਸਰਕਾਰ ਵੇਲੇ ਤੋਂ ਹੀ ਇੱਥੇ ਹੈ ਅਤੇ ਜਾਇਦਾਦ ਦੇ ਕੰਮ 'ਚ ਸ਼ਾਮਲ ਰਿਹਾ ਹੈ। ਉਨ੍ਹਾ ਕਿਹਾ ਕਿ ਹਾਲਾਤ ਬਦਲ ਗਏ ਹਨ ਅਤੇ ਅਫਸਰਾਂ ਨੇ ਆਪਣੇ ਕੰਮ ਦਾ ਤਰੀਕਾ ਨਹੀਂ ਬਦਲਿਆ। ਐੱਸ ਪੀ ਵੈਭਵ ਕ੍ਰਿਸ਼ਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜ ਪਈ ਤਾਂ ਐੱਮ ਪੀ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ।