ਬਿਜਲੀ ਦੀ ਨਾਕਸ ਸਪਲਾਈ ਤੋਂ ਦੁਖੀ ਕਿਸਾਨਾਂ ਵੱਲੋਂ ਆਵਾਜਾਈ ਠੱਪ ਕਰਨ ਦਾ ਐਲਾਨ


ਬਨੂੜ,
(ਗੁਰਮੀਤ ਸਿੰਘ)
ਬਨੂੜ ਇਲਾਕੇ ਦੇ ਕਿਸਾਨਾਂ ਨੇ ਬਿਜਲੀ ਦੀ ਨਾਕਸ ਸਪਲਾਈ ਤੋਂ ਦੁਖੀ ਹੋ ਕੇ ਆਵਾਜਾਈ ਠੱਪ ਤੇ ਪਾਵਰਕਾਮ ਦੇ ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ। ਨੇੜਲੇ ਪਿੰਡ ਕਨੋੜ, ਕਰਾਲਾ ਤੇ ਜੰਗਪੁਰਾ ਦੇ ਕਿਸਾਨ ਜਸਵੰਤ ਸਿੰਘ, ਪੂਰਨ ਸਿੰਘ, ਰਣਜੀਤ ਸਿੰਘ, ਬਲਬੀਰ ਸਿੰਘ ਬਿੱਲਾ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ ਕੁਰਾਲਾ, ਸੱਤਾ ਕਰਾਲਾ, ਪਰਵਿੰਦਰ ਸਿੰਘ, ਪੰਚ ਨਿਰਮਲ ਸਿੰਘ, ਸਤਵਿੰਦਰ ਸਿੰਘ ਜੰਗਪੁਰਾ, ਮਨੀ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨਾਂ ਨੇ ਕਿਹਾ ਕਿ ਉਹ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਉਨ੍ਹਾ ਬਿਜਲੀ ਦੀ ਸਪਲਾਈ ਘੱਟ ਆਉਣ ਕਾਰਨ ਸੁੱਕੀ ਹੋਈ ਮਿਰਚਾਂ, ਖਰਬੂਜਾ, ਟਿੰਡੇ, ਤਰਾਂ, ਖੀਰੇ ਤੇ ਪਸ਼ੂਆਂ ਦੇ ਚਾਰੇ ਲਈ ਬਰਸੀਮ ਤੇ ਜਵਾਰ ਦੀ ਕਾਸ਼ਤ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਖੇਤਾਂ ਲਈ ਕੇਵਲ 2 ਘੰਟੇ ਬਿਜਲੀ ਸਪਲਾਈ ਦੇ ਰਹੇ ਹਨ, ਜਿਸ ਕਾਰਨ ਉਹਨਾਂ ਦੀ ਸਬਜ਼ੀ ਦੀ ਕਾਸ਼ਤ ਤੇ ਪਸ਼ੂਆਂ ਦਾ ਚਾਰਾ ਸੁੱਕ ਕੇ ਸੁਆਹ ਹੋਣ ਲੱਗ ਪਿਆ ਹੈ।
ਕਿਸਾਨਾਂ ਨੇ ਦੱਸਿਆ ਕਿ ਇਲਾਕੇ ਦੇ ਕਿਸਾਨ ਪਹਿਲਾਂ ਹੀ ਨੋਟਬੰਦੀ ਕਾਰਨ ਸਬਜ਼ੀਆਂ ਦੇ ਭਾਅ 'ਚ ਆਏ ਮੰਦੇ ਕਾਰਨ ਆਰਥਿਕ ਤੌਰ 'ਤੇ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ, ਪ੍ਰੰਤੂ ਹੁਣ ਪਾਵਰਕਾਮ ਦੀ ਨਾਲਾਇਕੀ ਕਾਰਨ ਬਹੁਤ ਦੁਖੀ ਹਨ। ਉਨ੍ਹਾ ਕਿਹਾ ਕਿ ਉਹ ਬਿਜਲੀ ਦੀ ਨਾਕਸ ਸਪਲਾਈ ਬਾਰੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ, ਪ੍ਰੰਤੂ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਹੈ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਪਾਕਿਸਤਾਨ ਤੇ ਨੇਪਾਲ ਨੂੰ ਬਿਜਲੀ ਵੇਚਣ ਦੀਆਂ ਗੱਲਾਂ ਕਰ ਰਹੇ ਹਨ ਤੇ ਦੂਜੇ ਪਾਸੇ ਕਿਸਾਨ ਬਿਜਲੀ ਦੀ ਸਪਲਾਈ ਨੂੰ ਤਰਸੇ ਰਹੇ ਹਨ।
ਸਪਲਾਈ ਤੋਂ ਦੁਖੀ ਕਿਸਾਨਾਂ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਬਿਜਲੀ ਦੀ ਸਪਲਾਈ 'ਚ ਸੁਧਾਰ ਨਾ ਹੋਇਆ ਤਾਂ ਉਹ ਇਲਾਕੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਪਾਵਰਕਾਮ ਦੇ ਦਫਤਰ ਅੱਗੇ ਧਰਨਾ ਤੇ ਆਵਾਜਾਈ ਠੱਪ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਇਸ ਮਾਮਲੇ ਬਾਰੇ ਪਾਵਰਕਾਮ ਦੇ ਐਸ ਡੀ ਓ ਗੌਰਵ ਕੰਬੋਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਉਨ੍ਹਾ ਦੀ ਸੀਨੀਅਰ ਅਧਿਕਾਰੀਆਂ ਨਾਲ ਇਸ ਮਾਮਲੇ ਬਾਰੇ ਗੱਲ ਹੋ ਚੁੱਕੀ ਹੈ ਤੇ ਇਲਾਕੇ ਦੇ ਕਿਸਾਨਾਂ ਦਾ ਮਾਮਲਾ ਇੱਕ ਦੋ ਦਿਨਾਂ ਦੇ ਅੰਦਰ-ਅੰਦਰ ਹੱਲ ਕਰ ਦਿੱਤਾ ਜਾਵੇਗਾ।