ਨਵਾਜ਼ ਸ਼ਰੀਫ ਦੇ ਵਿਸ਼ੇਸ਼ ਸਹਾਇਕ ਦੀ ਛੁੱਟੀ


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਸ਼ੇਸ਼ ਸਹਾਇਕ ਸਈਦ ਤਾਰਿਕ ਫਾਤਿਮੀ ਨੂੰ ਉਨ੍ਹਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਡਾਨ ਲੀਕਸ ਮਾਮਲੇ 'ਚ ਉਨ੍ਹਾ ਦੀ ਕਥਿਤ ਭੂਮਿਕਾ ਦੇ ਚਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਉਨ੍ਹਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਧਾਨ ਮੰਤਰੀ ਦਫ਼ਤਰ ਦੇ ਹੁਕਮਾਂ 'ਚ ਸੂਚਨਾ ਮੰਤਰਾਲੇ ਦੇ ਮੁੱਖ ਸੂਚਨਾ ਅਧਿਕਾਰੀ ਰਾਉ ਤਹਿਸੀਨ ਅਲੀ ਖ਼ਿਲਾਫ਼ ਮਾਮਲਾ ਚਲਾਉਣ ਲਈ ਵੀ ਕਿਹਾ ਗਿਆ ਹੈ। ਇਹ ਹੁਕਮ ਪਾਕਿਸਤਾਨ ਦੇ ਅਖ਼ਬਾਰ ਡਾਨ ਦੀ 6 ਅਕਤੂਬਰ 2016 ਦੀ ਸਟੋਰੀ ਮਗਰੋਂ ਬਿਠਾਈ ਗਈ ਜਾਂਚ ਕਮੇਟੀ ਵੱਲੋਂ ਆਪਣੀ ਰਿਪੋਰਟ ਸੌਂਪ ਦਿੱਤੇ ਜਾਣ ਮਗਰੋਂ ਦਿੱਤੇ ਗਏ ਹਨ। ਇਸ ਕਮੇਟੀ ਦਾ ਗਠਨ ਸਰਕਾਰ ਵੱਲੋਂ ਨਵੰਬਰ ਮਹੀਨੇ 'ਚ ਕੀਤਾ ਗਿਆ ਸੀ। ਕਮੇਟੀ ਨੇ ਆਪਣੀ ਰਿਪੋਰਟ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨੂੰ ਕੁਝ ਸਿਫ਼ਾਰਸ਼ਾਂ ਵੀ ਕੀਤੀਆਂ ਹਨ।
ਡਾਨ ਦੀ ਰਿਪੋਰਟ 'ਚ ਪਾਕਿਸਤਾਨ ਦੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਬਾਰੇ ਇੱਕ ਉੱਚ ਪੱਧਰੀ ਸਿਵਲ ਮਿਲਟਰੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਰਿਪੋਰਟ ਨੇ ਸਰਕਾਰ ਨੂੰ ਇੱਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਦੀ ਜਾਣਕਾਰੀ ਲੀਕ ਕਰਨ ਵਾਲੇ ਲੋਕਾਂ ਦੀ ਪਛਾਣ ਲਈ ਜਾਂਚ ਵਾਸਤੇ ਮਜਬੂਰ ਕਰ ਦਿੱਤਾ ਸੀ। ਇਸ ਸੰਬੰਧ 'ਚ ਉਸ ਵੇਲੇ ਦੇ ਸੂਚਨਾ ਮੰਤਰੀ ਪਰਵੇਜ਼ ਰਸ਼ੀਦ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਕਿ ਸਰਕਾਰ ਨੂੰ ਉਨ੍ਹਾ 'ਤੇ ਪੱਤਰਕਾਰ ਨੂੰ ਮੀਟਿੰਗ ਬਾਰੇ ਜਾਣਕਾਰੀ ਦੇਣ ਦਾ ਸ਼ੱਕ ਸੀ। ਸ਼ੁਰੂ 'ਚ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਖ਼ਬਰ ਨੂੰ ਖ਼ਾਰਜ ਕਰ ਦਿੱਤਾ ਸੀ, ਪਰ ਫ਼ੌਜ ਦੇ ਦਬਾਅ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਜੋ ਜਾਣਕਾਰੀ ਲੀਕ ਕਰਨ ਵਾਲਿਆਂ ਦਾ ਪਤਾ ਲਾਇਆ ਜਾ ਸਕੇ।