ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਕੀਤੀ ਜਾਵੇ : ਜਗਰੂਪ


ਮੋਗਾ (ਅਮਰਜੀਤ ਬੱਬਰੀ)
ਟਰੇਡ ਯੂਨੀਅਨ ਕੌਂਸਲ ਮੋਗਾ ਵੱਲੋਂ ਪਹਿਲੀ ਮਈ ਨੂੰ ਪ੍ਰਭਾਵਸ਼ਾਲੀ ਸਮਾਗ਼ਮ ਕਰਕੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਮਨਾਇਆ ਗਿਆ। ਟਰੇਡ ਯੂਨੀਅਨ ਕੌਂਸਲ ਨਾਲ ਸੰਬੰਧਤ ਜਥੇਬੰਦੀਆਂ ਆਪਣੇ-ਆਪਣੇ ਅਦਾਰਿਆਂ 'ਤੇ ਝੰਡੇ ਝੁਲਾ ਕੇ ਸਮਾਗ਼ਮ ਵਿੱਚ ਹੁੰਮ-ਹੁਮਾ ਕੇ ਪਹੁੰਚੀਆਂ। ਇਸ ਮੌਕੇ ਝੰਡਾ ਝੁਲਾਉਣ ਦੀ ਰਸਮ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾ. ਜਗਰੂਪ ਨੇ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਅਮਰਤਾ ਇਸ ਗੱਲ ਵਿੱਚ ਹੈ ਕਿ ਉਨ੍ਹਾਂ ਨੇ ਕਾਨੂੰਨ ਦੁਆਰਾ ਪਾਸ 'ਕੰਮ ਦਿਹਾੜੀ' ਛੋਟੀ ਕਰਨ ਦਾ ਸੰਗ੍ਰਾਮ ਜਿੱਤ ਕੇ ਦਿੱਤਾ। ਪਹਿਲੀ ਮਈ 'ਕਿਰਤ ਦਿਨ' 'ਤੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਅਰਥ ਉਨ੍ਹਾਂ ਦੇ ਦਿੱਤੇ ਵਿਚਾਰਧਾਰਕ ਹਥਿਆਰ ਨੂੰ ਮਿਆਨੋ ਬਾਹਰ ਕੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਉੱਨਤ ਤਕਨੀਕ ਪੈਦਾਵਾਰੀ ਸ਼ਕਤੀਆਂ ਕੋਲ ਬਹੁਤ ਘੱਟ ਕਿਰਤ ਸ਼ਕਤੀ ਨਾਲ ਸਮਾਜਿਕ ਲੋੜਾਂ ਦਾ ਟੀਚਾ ਪ੍ਰਾਪਤ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਕੰਮ ਮੰਗਦੇ ਹਰ ਨਾਗਰਿਕ ਨੂੰ ਕੰਮ ਦੇਣਾ ਸਰਕਾਰ ਦਾ ਕੰਮ ਹੈ ਅਤੇ ਇਸ ਲਈ ਨਵਾਂ 'ਕੰਮ ਦਿਨ' ਪੈਦਾ ਕਰਨ ਲਈ ਲੋੜਾਂ ਦੀ ਲੋੜ 'ਕੰਮ ਦਿਹਾੜੀ ਸਮਾਂ' ਦੀ ਕਾਨੂੰਨੀ ਸੀਮਾ 6 ਘੰਟੇ ਤੈਅ ਕਰਨ ਦੀ ਹੈ। ਸਮਾਗ਼ਮ ਨੂੰ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਕੌਂਸਲ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਸਕੱਤਰ ਬਲਕਰਨ ਮੋਗਾ, ਜਰਨੈਲ ਸਿੰਘ ਨਥਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ 'ਕਿਰਤ ਦਿਨ' ਦੀ ਇਤਿਹਾਸਕ ਜਿੱਤ ਕਿਰਤੀਆਂ ਨੂੰ ਸਿਧਾਂਤਕ ਹਥਿਆਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰੀ, ਆਊਟਸੋਰਸਿੰਗ ਦੀਆਂ ਨੀਤੀਆਂ ਨੂੰ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ। ਸਿੱਖਿਆ ਵਿਭਾਗ ਸਮੇਤ ਸਾਰੇ ਵਿਭਾਗਾਂ ਵਿੱਚ ਠੇਕੇ 'ਤੇ ਅਤੇ ਹੋਰ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਆਂਗਣਵਾੜੀ, ਆਸ਼ਾ ਵਰਕਰਜ਼, ਮਿੱਡ-ਡੇ-ਮੀਲ ਵਰਕਰਜ਼ ਨੂੰ ਘੱਟੋ-ਘੱਟ ਉਜਰਤ ਦੇ ਦਾਇਰੇ ਵਿੱਚ ਲਿਆ ਕੇ ਸਰਕਾਰੀ ਮੁਲਾਜ਼ਮਾਂ ਦਾ ਦਰਜਾ ਦਿੱਤਾ ਜਾਵੇ। ਨਰੇਗਾ ਮਜ਼ਦੂਰਾਂ ਦੀ ਦਿਹਾੜੀ 500 ਰੁਪਏ ਅਤੇ ਸਾਲ ਵਿੱਚ 200 ਦਿਨ ਦੇ ਕੰਮ ਦੀ ਗਰੰਟੀ ਦਿੱਤੀ ਜਾਵੇ। ਸਰਕਾਰੀ ਟਰਾਂਸਪੋਰਟ ਵਿੱਚ ਨਵੀਆਂ ਬੱਸਾਂ ਪਾਈਆਂ ਜਾਣ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਕਾ. ਦਰਸ਼ਨ ਸਿੰਘ ਟੂਟੀ, ਵਰਿੰਦਰ ਕੌੜਾ, ਭੂਪਿੰਦਰ ਸਿੰਘ ਸੇਖੋਂ, ਬਚਿੱਤਰ ਸਿੰਘ ਧੋਥੜ, ਇੰਦਰਜੀਤ ਭਿੰਡਰ, ਪੋਹਲਾ ਸਿੰਘ ਬਰਾੜ, ਚਮਕੌਰ ਸਿੰਘ, ਗੁਰਚਰਨ ਕੌਰ, ਗੁਰਪ੍ਰੀਤ ਕੌਰ ਚੁਗਾਵਾਂ, ਹਰੀਬਹਾਦਰ ਬਿੱਟੂ, ਚਮਨ ਲਾਲ ਸੰਗੇਲੀਆ, ਪ੍ਰਕਾਸ਼ ਚੰਦ ਦੌਲਤਪੁਰਾ, ਗੁਰਮੀਤ ਧਾਲੀਵਾਲ, ਗੁਰਮੇਲ ਸਿੰਘ ਨਾਹਰ, ਸਤਵੰਤ ਸਿੰਘ ਖੋਟਾ, ਜਗਸੀਰ ਖੋਸਾ, ਸ਼ੇਰ ਸਿੰਘ ਦੌਲਤਪੁਰਾ, ਸੁਖਜਿੰਦਰ ਮਹੇਸ਼ਰੀ, ਵਿੱਕੀ ਮਹੇਸ਼ਰੀ, ਜਸਪਾਲ ਸਿੰਘ ਘਾਰੂ, ਬੱਗਾ ਸਿੰਘ, ਬਲਵੰਤ ਸਿੰਘ, ਬੂਟਾ ਸਿੰਘ ਭੱਟੀ, ਨਾਇਬ ਸਿੰਘ ਡਾਲਾ ਆਦਿ ਸ਼ਾਮਲ ਸਨ।