ਪੁਲਸ ਵੱਲੋਂ 5 ਗੈਂਗਸਟਰ ਅਸਲੇ ਸਮੇਤ ਕਾਬੂ


ਸੰਗਰੂਰ (ਪ੍ਰਵੀਨ ਸਿੰਘ)
ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਪੱਤਰਕਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਲੇਰਕੋਟਲਾ ਪੁਲਸ ਨੇ ਪੰਜ ਗੈਂਗਸਟਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਦ ਕਿ ਇਨ੍ਹਾਂ ਦੇ ਦੋ ਸਾਥੀ ਕਾਰ ਸਮੇਤ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਪੁਲਸ ਨੂੰ ਗੈਂਗਸਟਰਾਂ ਕੋਲੋਂ 3 ਪਿਸਤੌਲ ਸਮੇਤ ਕਾਰਤੂਸ ਵੀ ਬਰਾਮਦ ਹੋਏ ਹਨ। ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਮਿੰਦਰ ਸਿੰਘ ਕਪਤਾਨ ਪੁਲਸ ਮਲੇਰਕੋਟਲਾ ਤੇ ਡੀ .ਐਸ .ਪੀ. ਯੋਗੀ ਰਾਜ ਮਾਲੇਰਕੋਟਲਾ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਦੌਰਾਨ ਮਲੇਰਕੋਟਲਾ ਪੁਲਸ ਨੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਮੁਹੰਮਦ ਆਸਿਫ ਉਰਫ ਆਸੂ ਪੁੱਤਰ ਸ਼ੌਕਤ ਅਲੀ, ਰਾਜਵਿੰਦਰ ਸਿੰਘ ਉਰਫ ਲੱਖਾ ਪੁੱਤਰ ਲਖਵੀਰ ਸਿੰਘ, ਮੁਹੰਮਦ ਅਕਰਮ ਉਰਫ ਭੂਰਾ ਵਾਸੀ ਸਾਰੇ ਮਲੇਰਕੋਟਲਾ ਅਤੇ ਜਗਤਾਰ ਸਿੰਘ ਉਰਫ ਜੱਗੀ ਪੁੱਤਰ ਗੁਰਜੰਟ ਸਿੰਘ ਵਾਸੀ ਤੋਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ, ਜਦ ਕਿ ਇਨ੍ਹਾਂ ਦੇ ਦੋ ਸਾਥੀ ਅਸਲਮ ਖਾਂ ਪੁੱਤਰ ਮਜ਼ੀਦ ਵਾਸੀ ਨਾਰੋਮਾਜਰਾ ਅਤੇ ਅਮਰਪਾਲ ਸਿੰਘ ਉਰਫ ਗੋਲਡੀ ਪੁੱਤਰ ਬਲਵਿੰਦਰ ਸਿੰਘ ਪਿੰਡ ਝੂੰਦਾ ਸਿਕੋਡਾ ਗੱਡੀ ਰਾਹੀਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਲੁਧਿਆਣਾ ਸਾਈਡ ਵੱਲ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ 2015 ਵਿੱਚ ਉਕਤ ਗ੍ਰਿਫਤਾਰ ਦੋਸ਼ੀ, ਜਿਨ੍ਹਾਂ ਦੀ ਉਮਰ 22 ਤੋਂ 29 ਸਾਲ ਦੇ ਵਿਚਕਾਰ ਹੈ, ਦਾ ਇੱਕ ਹੋਰ ਗਰੁੱਪ ਨਾਲ ਕੋਈ ਪੁਰਾਣੀ ਰੰਜਸ ਦੇ ਤਹਿਤ ਬੱਗੀ ਉਰਫ ਐਕਟਰ ਨੂੰ ਮਾਰਨ ਦੀ ਫਿਰਾਕ ਵਿੱਚ ਸਨ। Àਨ੍ਹਾਂ ਦੱਸਿਆ ਕਿ ਦੋਸ਼ੀ ਜਗਤਾਰ ਸਿੰਘ, ਮੁਹੰਮਦ ਅਕਰਮ ਤੇ ਅਸਲਮ ਖਾਂ ਖਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਅਤੇ ਭੱਜਣ ਵਾਲੇ ਦੋਸ਼ੀਆਂ ਨੂੰ ਵੀ ਪੁਲਸ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ।
ਪੁਲਸ ਨੇ ਦੋਸ਼ੀਆਂ ਕੋਲੋਂ ਇੱਕ ਪਿਸਤੌਲ ਦੇਸੀ 12 ਬੋਰ ਸਮੇਤ 11 ਕਾਰਤੂਸ ਜ਼ਿੰਦਾ, ਇੱਕ ਪਿਸਤੌਲ 315 ਬੋਰ ਸਮੇਤ ਇੱਕ ਕਾਰਤੂਸ, ਇੱਕ ਪਿਸਤੌਲ 7.65 ਦੇਸੀ ਸਮੇਤ 3 ਕਾਰਤੂਸ ਅਤੇ ਏਅਰ ਪਿਸਟਲ ਤੇ ਰਾਡ ਲੋਹਾ ਬਰਮਾਦ ਕੀਤੇ ਹਨ। ਉਹਨਾਂ ਦੱਸਿਆ ਕਿ ਇਹ ਪੁਰਾਣੇ ਇੱਕ ਦੂਸਰੇ ਦੇ ਵਿਰੋਧੀ ਹਨ ਤੇ ਇਹਨਾਂ ਨੇ ਹੁਣ ਬੱਗੀ ਉਰਫ ਐਕਟਰ ਨੂੰ ਮਾਰਨਾ ਸੀ। ਇਸ ਤੋਂ ਪਹਿਲਾਂ ਕਿ ਇਹ ਮਾੜੀ ਘਟਨਾ ਨੂੰ ਅੰਜਾਮ ਦਿੰਦੇ, ਪੁਲਸ ਦੇ ਹੱਥੇ ਚੜ੍ਹ ਗਏ। ਇਹ ਇਕ ਦੂਸਰੇ ਦੇ ਕਿਸੇ ਨਾ ਕਿਸੇ ਢੰਗ ਨਾਲ ਲੰਮੇਂ ਸਮੇਂ ਤੋਂ ਵਿਰੁੱਧ ਚਲੇ ਆ ਰਹੇ ਹਨ। ਇਹਨਾਂ ਦਾ ਕਈ ਅਪਰਾਧਿਕ ਮਾਮਲਿਆਂ ਵਿਚ ਹੱਥ ਹੈ ਤੇ ਇਹਨਾਂ ਵਿਰੁੱਧ ਮਕੱਦਮੇ ਵੀ ਵੱਖ – ਵੱਖ ਥਾਣਿਆਂ ਵਿਚ ਦਰਜ ਹਨ। ਉਹਨਾਂ ਇਹ ਵੀ ਦੱਸਿਆ ਕਿ ਜ਼ਿਲਾ੍ਹ ਸੰਗਰੂਰ ਪੁਲਸ ਇਕ ਸੂਚੀ ਤਿਆਰ ਕਰ ਰਹੀ ਹੈ, ਜਿਸ ਵਿਚ ਗੈਂਗਸਟਰਾਂ ਦੀਆਂ ਹੁਣ ਤੋਂ ਪਹਿਲੀਆਂ ਗਤੀਵਿਧੀਆਂ ਤੇ ਹੁਣ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਹੈ ਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਵਿਅਕਤੀ ਮਾੜੀਆਂ ਹਰਕਤਾਂ ਤੋਂ ਤੌਬਾ ਕਰ ਚੁੱਕੇ ਹਨ। ਉਹਨਾਂ ਇਹ ਵੀ ਦੱਸਿਆ ਕਿ ਬੱਗੀ ਉਰਫ ਐਕਟਰ ਹੁਣੇ ਹੀ ਕਿਸੇ ਮਾਮਲੇ ਵਿਚੋਂ ਜ਼ਮਾਨਤ 'ਤੇ ਆਇਆ ਹੈ ।