ਕਰਜ਼ੇ ਦੇ ਦੈਂਤ ਨੇ ਇੱਕ ਹੋਰ ਕਿਸਾਨ ਨਿਗਲਿਆ


ਬਰੇਟਾ (ਰੀਤਵਾਲ)-ਪਿੰਡ ਰੰਗੜਿਆਲ ਦੇ ਇੱਕ ਗਰੀਬ ਕਿਸਾਨ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ-ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਬਰੇਟਾ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਰੰਗੜਿਆਲ ਵਾਸੀ ਕਿਸਾਨ ਬੇਅੰਤ ਸਿੰਘ (45) ਪੁੱਤਰ ਜਗਰੂਪ ਸਿੰਘ ਕਰੀਬ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਦੇ ਸਿਰ ਬੈਂਕ, ਆੜ੍ਹਤੀ ਅਤੇ ਸੁਸਾਇਟੀ ਦਾ ਲੱਗਭੱਗ ਸੱਤ ਲੱਖ ਰੁਪਏ ਦਾ ਕਰਜ਼ਾ ਸੀ ਅਤੇ ਇਸੇ ਪਰੇਸ਼ਾਨੀ ਦੇ ਚਲਦਿਆ ਬੇਅੰਤ ਸਿੰਘ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਲੜਕਾ ਅਤੇ ਇੱਕ ਲ਼ੜਕੀ ਛੱਡ ਗਿਆ ਹੈ। ਇਲਾਕੇ ਦੀਆਂ ਜਥੇਬੰਦੀਆਂ ਨੇ ਪਰਵਾਰ ਦਾ ਸਾਰਾ ਕਰਜ਼ਾ ਮਾਫ ਕਰਨ ਤੋਂ ਇਲਾਵਾ ਪਰਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਮਾਲਵੇ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਵੱਲੋਂ ਹੁਣ ਤੱਕ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਕਿਸੇ ਵੀ ਸਰਕਾਰ ਨੇ ਕਿਸਾਨਾਂ ਨੂੰ ਕਰਜ਼ੇ ਦੇ ਭਾਰ ਤੋਂ ਮੁਕਤ ਨਹੀਂ ਕੀਤਾ।