ਅਮਰੀਕਾ 'ਚ ਭਾਰਤੀ ਜੋੜੇ ਦਾ ਕਤਲ ਧੀ ਦੇ ਸਾਬਕਾ ਪ੍ਰੇਮੀ ਦਾ ਕਾਰਾ


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ 'ਚ ਭਾਰਤੀ ਮੂਲ ਦੇ ਇੱਕ ਜੋੜੇ ਦੀ ਉਹਨਾਂ ਦੀ ਬੇਟੀ ਦੇ ਸਾਬਕਾ ਪ੍ਰੇਮੀ ਨੇ ਹੱਤਿਆ ਕਰ ਦਿੱਤੀ, ਜਿਸ ਦੇ ਬਾਅਦ ਪੁਲਸ ਨਾਲ ਮੁਕਾਬਲੇ 'ਚ ਉਹ ਵੀ ਮਾਰਿਆ ਗਿਆ। ਰਿਪੋਰਟ ਅਨੁਸਾਰ ਮਿਰਜ਼ਾ ਟੈਟਲਿਕ (24) ਨੇ ਨਰੇਨ ਪ੍ਰਭੂ ਅਤੇ ਉਸ ਦੀ ਪਤਨੀ ਦੀ ਸਾਨ ਜੋਜ ਸਥਿਤ ਉਸ ਦੇ ਘਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਭੂ ਦੀ ਬੇਟੀ ਘਟਨਾ ਦੇ ਸਮੇਂ ਘਰ 'ਚ ਮੌਜੂਦ ਨਹੀਂ ਸੀ, ਉਹ ਦੂਸਰੇ ਸ਼ਹਿਰ 'ਚ ਰਹਿੰਦੀ ਹੈ। ਸਾਨ ਜੋਜ ਪੁਲਸ ਮੁਖੀ ਏ ਡੀ ਗਾਰਸ਼ੀਆ ਨੇ ਕਿਹਾ ਕਿ ਮ੍ਰਿਤਕਾਂ ਦੀ ਬੇਟੀ ਦੇ ਦੋਸ਼ੀ ਨਾਲ ਪ੍ਰੇਮ ਸੰਬੰਧ ਸਨ, ਪਰ ਇਹ ਸੰਬੰਧ ਪਿਛਲੇ ਸਾਲ ਖਤਮ ਹੋ ਗਏ। ਦੋਸ਼ੀ ਖਿਲਾਫ ਪਹਿਲਾਂ ਵੀ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਜਾਣਕਾਰੀ ਪ੍ਰਭੂ ਦੇ 20 ਸਾਲਾ ਬੇਟੇ ਨੇ ਦਿੱਤੀ। ਜਦੋਂ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਤਾਂ ਨਰੇਨ ਦੀ ਲਾਸ਼ ਦਰਵਾਜ਼ੇ ਕੋਲ ਪਈ ਸੀ। ਲਾਸ਼ 'ਤੇ ਇਕ ਗੋਲੀ ਦਾ ਨਿਸ਼ਾਨ ਸੀ। ਮ੍ਰਿਤਕਾ ਦੇ ਬੇਟੇ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਮਾਂ ਅਤੇ 13 ਸਾਲਾ ਭਰਾ ਹੁਣ ਵੀ ਦੋਸ਼ੀ ਨਾਲ ਘਰ ਅੰਦਰ ਹੈ, ਜਦਕਿ ਕਾਤਲ ਨੇ ਛੋਟੇ ਭਰਾ ਨੂੰ ਰਿਹਾਅ ਕਰ ਦਿੱਤਾ। ਇਸ ਦੇ ਤੁਰੰਤ ਬਾਅਦ ਇਕ ਸਵਾਟ ਦਲ ਤੇ ਦੋਸ਼ੀ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ ਅਤੇ ਉਸ 'ਚ ਹਮਲਾਵਰ ਦੀ ਮੌਤ ਹੋ ਗਈ।