Latest News

ਬਨਾਰਸ 'ਚ ਭਾਜਪਾ ਆਗੂ ਦੇ ਪੈਟਰੋਲ ਪੰਪ ਤੋਂ ਚਿੱਪ ਬਰਾਮਦ

Published on 06 May, 2017 10:56 AM.


ਵਾਰਾਨਸੀ (ਨਵਾਂ ਜ਼ਮਾਨਾ ਸਰਵਿਸ)
ਚਿੱਪ ਅਤੇ ਰਿਮੋਰਟ ਜ਼ਰੀਏ ਪੈਟਰੋਲ ਤੇ ਡੀਜ਼ਲ ਚੋਰੀ ਕਰਨ ਦੇ ਮਾਮਲੇ 'ਚ ਲਖਨਊ ਤੋਂ ਬਾਅਦ ਹੁਣ ਵਾਰਾਨਸੀ ਦਾ ਨਾਂਅ ਵੀ ਜੁੜ ਗਿਆ ਹੈ। ਸ਼ਨੀਵਾਰ ਨੂੰ ਸਪੈਸ਼ਲ ਟਾਸਕ ਫੋਰਸ (ਐੱਸ ਟੀ ਐੱਫ) ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਛਾਪੇਮਾਰੀ ਵਿੱਚ ਭਾਰਤ ਪੈਟਰੋਲੀਅਮ ਦੇ ਇੱਕ ਪੰਪ ਦੀ ਤੇਲ ਮਸ਼ੀਨ 'ਚ ਚਿੱਪ ਲੱਗੀ ਹੋਈ ਮਿਲੀ। ਖਾਸ ਗੱਲ ਇਹ ਹੈ ਕਿ ਇਹ ਪੈਟਰੋਲ ਪੰਪ ਭਾਜਪਾ ਨੇਤਾ ਦੇ ਪਰਵਾਰ ਦਾ ਹੈ। ਤੇਲ ਦੀ ਖੇਡ 'ਚ ਪੰਪ ਮਾਲਕ ਹੀ ਨਹੀਂ, ਕੰਪਨੀ ਵੀ ਸ਼ਾਮਲ ਹੈ। ਵਾਰਾਨਸੀ ਦੇ ਪਾਸ਼ ਇਲਾਕੇ 'ਚ ਬਹੁਤ ਪੁਰਾਣੇ ਗੋਪੀ ਰਾਮ, ਸ਼ਾਮ ਸੁੰਦਰ ਪੈਟਰੋਲ ਪੰਪ 'ਤੇ ਐੱਸ ਟੀ ਐੱਫ ਦੇ ਇੰਸਪੈਕਟਰ ਵਿਪਨ ਰਾਏ ਨੇ ਮੈਜਿਸਟਰੇਟ ਤ੍ਰੀਭਵਨ ਅਤੇ ਨਾਪ ਤੋਲ ਵਿਭਾਗ ਦੀ ਟੀਮ ਦੇ ਨਾਲ ਛਾਪਾ ਮਾਰਿਆ। ਜਾਂਚ ਟੀਮ ਪਹੁੰਚਦੇ ਹੀ ਮਾਲਕ, ਮੈਨੇਜਰ ਸਮੇਤ ਕਰਮਚਾਰੀ ਨੱਠ ਗਏ। ਕਈ ਘੰਟਿਆਂ ਤੱਕ ਚੱਲੀ ਜਾਂਚ-ਪ੍ਰੜਤਾਲ 'ਚ ਪੰਪ 'ਤੇ ਲੱਗੇ ਕੁੱਲ 16 ਨੋਜ਼ਲਾਂ 'ਚੋਂ ਇੱਕ 'ਚ ਚਿੱਪ ਬਰਾਮਦ ਹੋਈ ਅਤੇ ਪੰਜ ਨੋਜ਼ਲਾਂ ਨਾਲ ਛੇੜਛਾੜ ਸਾਹਮਣੇ ਆਈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਪੰਜ ਨੋਜ਼ਲਾਂ 'ਚ ਵੀ ਪਹਿਲਾਂ ਚਿੱਪਾਂ ਲੱਗੀਆਂ ਹੋਈਆਂ ਸਨ, ਪ੍ਰੰਤੂ ਸੂਬੇ 'ਚ ਛਾਪੇਮਾਰੀ ਦੀ ਕਾਰਵਾਈ ਤੋਂ ਬਾਅਦ ਇਹ ਚਿੱਪਾਂ ਹਟਾ ਦਿੱਤੀਆਂ ਗਈਆਂ। ਨੋਜ਼ਲ ਤੋਂ ਚਿੱਪ ਮਿਲਣ ਤੋਂ ਬਾਅਦ ਪੈਟਰੋਲ ਪੰਪ ਦੇ ਸਾਰੇ ਯੂਨਿਟਾਂ ਨੂੰ ਸੀਲ ਕਰ ਦਿੱਤਾ ਗਿਆ।
ਮੈਜਿਸਟਰੇਟ ਨੇ ਦੱਸਿਆ ਕਿ ਬਰਾਮਦ ਹੋਈ ਚਿੱਪ ਏਨੀ ਹਾਈ ਟੈੱਕ ਹੈ ਕਿ ਇਸ ਨੂੰ ਪੈਟਰੋਲ ਪੰਪ ਦੇ ਨਾਲ-ਨਾਲ ਕੰਪਨੀ ਦੇ ਹੈੱਡਕੁਆਰਟਰ ਤੋਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਅਰਥਾਤ ਕੰਪਨੀ ਨੂੰ ਵੀ ਪਤਾ ਸੀ ਕਿ ਨੋਜ਼ਲ ਤੋਂ ਕਿੰਨਾ ਤੇਲ ਗਾਹਕ ਨੂੰ ਦਿੱਤਾ ਜਾ ਰਿਹਾ ਹੈ। ਚਿੱਪ ਅਤੇ ਟੈਂਪਰਿੰਗ ਵਾਲੇ ਨੋਜ਼ਲ ਜਾਂਚ ਲਈ ਮੈਡੀਕੋ ਕੰਪਨੀ ਨੂੰ ਭੇਜੇ ਜਾ ਰਹੇ ਹਨ।

279 Views

e-Paper